ਪੱਤਰ ਪ੍ਰੇਰਕ
ਪਾਤੜਾਂ, 17 ਸਤੰਬਰ
ਪਿੰਡ ਸ਼ੁਤਰਾਣਾ ਦੇ ਇੱਕ ਪਰਿਵਾਰ ਵੱਲੋਂ ਗੁਰੂ ਘਰ ਨੂੰ ਜਾਂਦਾ ਇੰਟਰਲੌਕ ਇੱਟਾਂ ਵਾਲਾ ਚਾਰ ਫੁੱਟ ਚੌੜਾ ਰਾਹ ਬੰਦ ਕਰਨ ’ਤੇ ਸੰਗਤ ਵਿੱਚ ਭਾਰੀ ਰੋਸ ਹੈ। ਦੂਜੇ ਪਾਸੇ ਬਲਦੇਵ ਸਿੰਘ ਨੇ ਦੱਸਿਆ ਕਿ ਰਾਹ ਵਾਲੀ ਜਗ੍ਹਾ ਉਨ੍ਹਾਂ ਦੀ ਮਲਕੀਅਤ ਵਾਲੀ ਜ਼ਮੀਨ ਹੈ, ਇਥੋਂ ਗੁਰੂ ਘਰ ਨੂੰ ਕੋਈ ਰਾਹ ਨਹੀਂ ਜਾਂਦਾ। ਬਾਬਾ ਰਾਜਿੰਦਰ ਸਿੰਘ, ਬਲਬੀਰ ਸਿੰਘ, ਜਿੰਦਰ ਸਿੰਘ, ਅਮਰੀਕ ਸਿੰਘ, ਪ੍ਰੀਤਮ ਸਿੰਘ, ਕੇਵਲ ਸਿੰਘ, ਅਮਰਜੀਤ ਸਿੰਘ, ਗੁਰਦਿੱਤ ਸਿੰਘ, ਕਾਰਜ ਸਿੰਘ ਪੰਚ, ਪ੍ਰਭਜੋਤ ਸਿੰਘ ਤੇ ਹਰਭਜਨ ਸਿੰਘ ਚੀਮਾ ਨੇ ਦੱਸਿਆ ਕਿ ਡੇਰਾ ਗੋਬਿੰਦਪੁਰਾ ਵਿਚ ਵੀਹ ਸਾਲ ਪਹਿਲਾਂ ਜਦੋਂ ਗੁਰਦੁਆਰਾ ਸਾਹਿਬ ਬਣਾਇਆ ਤਾਂ ਗੁਰਦੁਆਰਾ ਸਾਹਿਬ ਨੂੰ ਜੋੜਨ ਵਾਲੀਆਂ ਦੋਹਾਂ ਸੜਕਾਂ ਦੇ ਵਿਚਾਲੇ ਦੋ ਫੁੱਟ ਚੌੜੀ ਵੱਟ ਆਪਸੀ ਰਜ਼ਾਮੰਦੀ ਤਹਿਤ ਚਾਰ ਫੁੱਟ ਚੌੜੀ ਕੀਤੀ ਗਈ ਸੀ ਤਾਂ ਕਿ ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਕੁਝ ਸਮਾਂ ਪਹਿਲਾਂ ਪੰਚਾਇਤ ਨੇ ਚਾਰ ਫੁੱਟ ਚੌੜੀ ਵੱਟ ’ਤੇ ਇੱਟਾਂ ਲਾ ਦਿੱਤੀਆਂ ਸਨ ਕਿਉਂਕਿ ਮੀਂਹ ਦੌਰਾਨ ਸੰਗਤ ਨੂੰ ਆਉਣਾ ਜਾਣਾ ਔਖਾ ਹੁੰਦਾ ਸੀ ਪਰ ਹੁਣ ਕੁਝ ਦਿਨ ਪਹਿਲਾਂ ਵੱਟ ਛੱਡਣ ਵਾਲੇ ਪਰਿਵਾਰ ਨੇ ਰਾਹ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਹੈ ਕਿ ਰਾਹ ਬਚਾਉਣ ਲਈ ਐੱਸਡੀਐੱਮ ਪਾਤੜਾਂ, ਬੀਡੀਪੀਓ ਪਾਤੜਾਂ ਅਤੇ ਡੀਐੱਸਪੀ ਪਾਤੜਾਂ ਨੂੰ ਦਰਖਾਸਤ ਦਿੱਤੀ ਹੈ। ਬੀਡੀਪੀਓ ਪਾਤੜਾਂ ਨੇ ਸਕੱਤਰ ਭੇਜ ਕੇ ਪੜਤਾਲ ਕਰਵਾਈ ਹੈ ਪਰ ਅਜੇ ਤੱਕ ਰਸਤੇ ਨੂੰ ਚਾਲੂ ਕਰਵਾਉਣ ਅਤੇ ਖ਼ੁਰਦ ਬੁਰਦ ਕੀਤੀਆਂ ਸਰਕਾਰੀ ਇੱਟਾਂ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ। ਬੀਡੀਪੀਓ ਬਘੇਲ ਸਿੰਘ ਨੇ ਦੱਸਿਆ ਕਿ ਪ੍ਰਬੰਧਕ ਅਤੇ ਸੈਕਟਰੀ ਨੂੰ ਮੌਕਾ ਦੇਖਣ ਲਈ ਲਿਖਿਆ ਸੀ, ਹੁਣ ਉਹ ਉਸ ਜਗ੍ਹਾ ਦਾ ਦੌਰਾ ਕਰ ਕੇ ਕਾਰਵਾਈ ਕਰਨਗੇ।