ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਸਤੰਬਰ
ਅਕਾਲੀ ਦਲ ਸੁਧਾਰ ਲਹਿਰ ਅਤੇ ਟੌਹੜਾ ਪਰਿਵਾਰ ਵੱਲੋਂ ਅੱਜ ਇਥੇ ‘ਸਿੱਖ ਸਿਆਸਤ ’ਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਭੂਮਿਕਾ’ ਬਾਰੇ ਸੈਮੀਨਾਰ ਕਰਵਾਇਆ ਗਿਆ।
ਇਸ ਦੌਰਾਨ ਜਿਥੇ ਟੌਹੜਾ ਨੂੰ ਸਿੱਖ ਸਿਆਸਤ ਦੇ ਰੂਹੇ ਰਵਾਂ ਦੱਸਿਆ ਗਿਆ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਨਾ ਸਿਰਫ਼ ਅਕਾਲੀ ਲੀਡਰਸ਼ਿਪ, ਬਲਕਿ ਹਰੇਕ ਸ਼ੁਭਚਿੰਤਕ ਦੇ ਜ਼ਹਿਰ ’ਚ ਤਿਆਗ ਦੀ ਭਾਵਨਾ ਦਾ ਹੋਣਾ ਅਤਿ ਜ਼ਰੂਰੀ ਪਹਿਲੂ ਕਰਾਰ ਦਿੱਤਾ। ਤਰਕ ਸੀ ਕਿ ਇਹ ਮਾਮਲਾ ਨਾ ਸਿਰਫ਼ ਅਕਾਲੀ ਦਲ, ਬਲਕਿ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਨਾਲ ਵੀ ਜੁੜਿਆ ਹੋਇਆ ਹੈ ਕਿਉਂਕਿ ਇਹ ਗੱਲ ਆਵਾਮ ਦੀ ਆਵਾਜ਼ ਬਣ ਚੁੱਕੀ ਹੈ ਕਿ ਪੰਜਾਬ ਨੂੰ ਹੱਸਦਾ ਵੱਸਦਾ ਦੇਖਣ ਲਈ ਅਕਾਲੀ ਦਲ ਦਾ ਹੋਣਾ ਬਹੁਤ ਜ਼ਰੂਰੀ ਹੈ।
ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਸੈਮੀਨਾਰ ਦੀ ਸਮਾਪਤੀ ਬੀਬੀ ਕੁਲਦੀਪ ਕੌਰ ਟੌਹੜਾ ਦੇ ਧੰਨਵਾਦ ਸ਼ਬਦਾਂ ਨਾਲ ਹੋਈ। ਮੁੱਖ ਬੁਲਾਰੇ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਸਵਰਗੀ ਟੌਹੜਾ ਨੂੰ ਤਿਆਗ ਦੀ ਮੂਰਤ ਅਤੇ ਪੰਥ ਦੀ ਚੜ੍ਹਦੀਕਲਾ ਤੇ ਏਕਤਾ ਦੇ ਮੁਦੱਈ ਦੱਸਿਆ। ਇਸੇ ਹਵਾਲੇ ਨਾਲ ਸਮੂਹ ਅਕਾਲੀ ਧਿਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਟੌਹੜਾ ਦੇ ਜੀਵਨ ’ਤੇ ਚਾਨਣਾ ਪਾਇਆ। ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਤੇ ਪੰਥ ਨੂੰ ਢਾਹ ਲਾਉਣ ਵਾਲਿਆਂ ਨੂੰ ਕਿਤੇ ਵੀ ਢੋਈ ਨਹੀਂ ਮਿਲਣੀ।
ਉਨ੍ਹਾਂ ਇਹ ਵੀ ਕਿਹਾ ਕਿ ਟੌਹੜਾ ਸਬੰਧੀ ਸਮਾਗਮਾਂ ਨੂੰ ਤਾਰਪੀਡੋ ਕਰਨ ਦੀ ਬਜਾਏ ਟੌਹੜਾ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਬਿਨ ਬੁਲਾਇਆ ਮਹਿਮਾਨ ਦੱਸਦਿਆਂ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਮੰਚ ’ਤੇ ਆਉਂਦਿਆਂ ਭਾਵੁਕ ਹੋ ਉਠੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਂ ਟੌਹੜਾ ਦੀ ਪੰਥ ਪ੍ਰਸਤੀ ਅਤੇ ਮੋਹ ਖਿੱਚ ਲਿਆਇਆ। ਪੀਏ ਰਹੇ ਗੁਰਦਰਸ਼ਨ ਸਿੰਘ ਬਾਹੀਆ ਨੇ ਆਪਣੇ ਮਹਿਬੂਬ ਨੇਤਾ ਟੌਹੜਾ ਦੇ ਜੀਵਨ ਦੀਆਂ ਝਲਕੀਆਂ ਦੇ ਅੰਸ਼ ਸੰਗਤਾਂ ਦੇ ਰੂ-ਬਰੂ ਕੀਤੇ। ਦਿਲਮੇਘ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ। ਸਟੇਜ ਸੰਚਾਲਨ ਕਰਨੈਲ ਪੰਜੋਲੀ ਨੇ ਕੀਤਾ। ਦੋਹਤਾ ਹਰਿਦਰਪਾਲ ਟੌਹੜਾ, ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਤੇ ਸਤਵਿੰਦਰ ਟੌਹੜਾ ਸਮੇਤ ਕਈ ਹੋਰ ਮੁੱਖ ਪ੍ਰਬੰਧਕਾਂ ’ਚ ਸ਼ੁਮਾਰ ਰਹੇ। ਇਸ ਮੌਕੇ ਤੇਜਿਦਰਪਾਲ ਸੰਧੂ, ਰਣਧੀਰ ਰੱਖੜਾ, ਭੁਪਿੰਦਰ ਸ਼ੇਖੂਪੁਰ, ਅਮਰਿੰਦਰ ਲਿਬੜਾ, ਜਗਜੀਤ ਕੋਹਲੀ, ਪਰਮਜੀਤ ਕੌਰ ਲਾਂਡਰਾਂ, ਸੁਖਵਿੰਦਰ ਰਾਜਲਾ, ਮਨਵੀਰ ਟਿਵਾਣਾ, ਸੁਖਬੀਰ ਅਬਲੋਵਾਲ, ਜਿਉਣਾ ਖਾਨ, ਇੰਦਰਜੀਤ ਮਾਨ, ਕੁਲਦੀਪ ਦੌਣ, ਗੁਰਜੀਤ ਉਪਲੀ, ਸ਼ਾਨਵੀਰ ਬ੍ਰਹਮਪੁਰਾ, ਜਤਿੰਦਰ ਪਹਾੜੀਪੁਰ ਆਦਿ ਵੀ ਮੌਜੂਦ ਸਨ।