ਪੱਤਰ ਪ੍ਰੇਰਕ
ਮਾਨਸਾ, 17 ਸਤੰਬਰ
ਪੰਜਾਬ ਦੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਆਰੰਭ ਕੀਤੀ ਆਰਓ ਪਲਾਂਟ ਯੋਜਨਾ ਤਹਿਤ ਚਿਰਾਂ ਤੋਂ ਬੰਦ ਪਏ ਇਨ੍ਹਾਂ ਪਲਾਂਟ ਨੂੰ ਲੋਕ ਹਿੱਤਾਂ ਲਈ ਮੁੜ ਚਲਾਉਣ ਲਈ ਸਰਕਾਰੀ ਉਪਰਾਲੇ ਸ਼ੁਰੂ ਹੋਣ ਲੱਗੇ ਹਨ। ਇਨ੍ਹਾਂ ਵਿਚੋਂ ਬਹੁਤੇ ਪਲਾਂਟ ਸਰਕਾਰੀ ਫੰਡਾਂ ਦੇ ਖਾਤਮੇ ਕਾਰਨ ਬੰਦ ਹੋ ਗਏ ਸਨ ਅਤੇ ਕੁਝ ਲੋਕਾਂ ਵੱਲੋਂ ਪਾਣੀ ਲਈ ਕੁਨੈਕਸ਼ਨ ਵਿੱਚ ਦਿਲਚਸਪੀ ਨਾ ਲੈਣ ਕਾਰਨ ਬੰਦ ਹੋਏ ਪਏ ਹਨ। ਮਾਨਸਾ ਜ਼ਿਲ੍ਹੇ ਬੁਢਲਾਡਾ ਬਲਾਕ ਦੇ ਕੁੱਲ 82 ਪਿੰਡਾਂ ’ਚ 81 ਆਰਓ ਪਲਾਂਟ ਲੱਗੇ ਹੋਏ ਹਨ, ਜਿਨ੍ਹਾਂ ਵਿਚੋਂ ਸਿਰਫ਼ 20 ਆਰ.ਓ ਪਲਾਂਟ ਹੀ ਲੋਕਾਂ ਨੂੰ ਪਾਣੀ ਸਪਲਾਈ ਕਰ ਰਹੇ ਹਨ। ਹੁਣ ਵਿਭਾਗ ਵੱਲੋਂ ਬੰਦੇ ਪਏ ਹੋਰ 10 ਆਰ.ਓ ਪਲਾਂਟ ਨੂੰ ਚਾਲੂ ਕਰਵਾਇਆ ਗਿਆ ਹੈ। ਕਾਰਜਕਾਰੀ ਇੰਜਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਨੰਬਰ-2 ਮਾਨਸਾ ਕੇਵਲ ਕੁਮਾਰ ਨੇ ਦੱਸਿਆ ਕਿ ਬਲਾਕ ਬੁਢਲਾਡਾ ਅਧੀਨ 59 ਨੰਬਰ ਜਲ ਸਪਲਾਈ ਸਕੀਮਾਂ ਰਾਹੀਂ 82 ਪਿੰਡਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ 20 ਆਰ.ਓ. ਪਲਾਂਟ ਚਲ ਰਹੇ ਹਨ ਅਤੇ 61 ਆਰਓ ਪਲਾਂਟ ਬੰਦ ਸਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਆ ਰ.ਓ. ਪਲਾਂਟ ਵੀ ਜਲਦੀ ਹੀ ਫ਼ੰਡਜ਼ ਦੀ ਪ੍ਰਾਪਤੀ ਹੋਣ ’ਤੇ ਚਾਲੂ ਕਰਵਾ ਦਿੱਤੇ ਜਾਣਗੇ।