ਪੱਤਰ ਪ੍ਰੇਰਕ
ਮਾਨਸਾ, 17 ਸਤੰਬਰ
ਆਪ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਮਾਨਸਾ ਜ਼ਿਲ੍ਹੇ ਹਲਕਾ ਬੁਢਲਾਡਾ ਤੋਂ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਘਰ ਮੁੱਢਲੀ ਲੋੜ ਹੈ, ਹਰੇਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਕੋਲ ਆਪਣਾ ਘਰ ਹੋਵੇ। ਉਨ੍ਹਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਭਗਵੰਤ ਮਾਨ ਸਰਕਾਰ ਹਰ ਤਰ੍ਹਾਂ ਦੀ ਮਦਦ ਕਰ ਰਹੀ ਹੈ। ਉਹ ਅੱਜ ਬੀਡੀਪੀਓ ਦਫਤਰ ਬੁਢਲਾਡਾ ਵਿੱਚ ਮਨਜ਼ੂਰੀ ਪੱਤਰ ਵੰਡਣ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਵਿਧਾਇਕ ਵੱਲੋਂ 125 ਲੋੜਵੰਦਾਂ ਨੂੰ ਮਕਾਨ ਬਣਾਉਣ ਲਈ ਮਨਜ਼ੂਰ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡਦੇ ਹੋਏ ਦੱਸਿਆ ਕਿ ਹਲਕਾ ਬੁਢਲਾਡਾ ਦੇ ਪਿੰਡਾਂ ਵਿੱਚ ਲੋੜਵੰਦਾਂ ਨੂੰ ਮਕਾਨ ਬਣਾਉਣ ਲਈ 1,20,000 ਰੁਪਏ ਹਰੇਕ ਲੋੜਵੰਦ ਨੂੰ ਮਿਲਣਗੇ। ਇਸੇ ਦੌਰਾਨ ਵੱਖਰੇ ਤੌਰ ’ਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਕ੍ਰਿਸ਼ਨ ਸਿੰਘ ਚੌਹਾਨ ਅਤੇ ਐਡਵੋਕੇਟ ਕੁਲਵਿੰਦਰ ਉੱਡਤ ਨੇ ਪਿੰਡ ਬਾਜੇਵਾਲਾ ਦੇ ਮੀਂਹਾਂ ਕਾਰਨ ਡਿੱਗੇ ਮਕਾਨਾਂ ਦੇ ਮੁਆਵਜ਼ੇ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਹਰ ਇੱਕ ਲੋੜਵੰਦ ਲੋਕਾਂ ਲਈ 10-10 ਮਰਲੇ ਦੇ ਪਲਾਟ ਤੇ ਮਕਾਨ ਉਸਾਰੀ ਲਈ 5-5 ਲੱਖ ਜਾਰੀ ਕੀਤੇ ਜਾਣ।