ਪੱਤਰ ਪ੍ਰੇਰਕ
ਜੈਤੋ, 17 ਸਤੰਬਰ
ਦਸਮ ਗੁਰੂ ਦੀ ਚਰਨ ਛੋਹ ਪ੍ਰਾਪਤ ਪਿੰਡ ਗੁਰੂ ਕੀ ਢਾਬ ਵਿਖੇ ਸਥਿਤ ਇਤਿਹਾਸਕ ਗੁਰੂ ਘਰ ਵਿੱਚ ਸਾਲਾਨਾ ਜੋੜ ਮੇਲਾ ਸ਼ੁਰੂ ਹੋ ਗਿਆ ਹੈ। ਅੱਜ ਇੱਥੇ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨਤਮਸਤਕ ਹੋਣ ਲਈ ਪੁੱਜੇ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਇਸ ਇਤਿਹਾਸਕ ਸਥਾਨ ਪ੍ਰਤੀ ਉਨ੍ਹਾਂ ਦੀ ਆਸਥਾ ਹੈ ਅਤੇ ਉਹ ਸਾਲ ਮੇਲੇ ਦੇ ਦਿਨਾਂ ’ਚ ਇੱਥੇ ਸਿਰ ਝੁਕਾਉਣ ਲਈ ਆਉਂਦੇ ਹਨ। ਸ੍ਰੀ ਸਦੀਕ ਨੇ ਅਗਲੇ ਦਿਨਾਂ ਤੱਕ ਚੱਲਣ ਵਾਲੇ ਇਸ ਜੋੜ ਮੇਲੇ ਦੇ ਪ੍ਰਬੰਧਾਂ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ, ਪ੍ਰਬੰਧਕਾਂ ਦੀ ਭਰਵੀਂ ਸ਼ਲਾਘਾ ਕੀਤੀ। ਸ੍ਰੀ ਸਦੀਕ ਨੇ ਇਸ ਮੌਕੇ ਕੋਈ ਵੀ ਸਿਆਸੀ ਗੱਲ ਕਰਨ ਤੋਂ ਗੁਰੇਜ਼ ਕੀਤਾ ਅਤੇ ਸਿਰਫ ਇਹੋ ਕਿਹਾ ਕਿ ਉਹ ਇੱਥੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਲਈ ਆਏ ਹਨ। ਉਨ੍ਹਾਂ ਆਖਿਆ ਕਿ 19 ਸਤੰਬਰ ਤੋ ਫ਼ਰੀਦਕੋਟ ਵਿਖੇ ਸ਼ੁਰੂ ਹੋਣ ਜਾ ਰਹੇ ਬਾਬਾ ਫ਼ਰੀਦ ਆਗਮਨ ਮੇਲੇ ਵਿਚ ਵੀ ਉਹ ਸ਼ਿਰਕਤ ਕਰਨਗੇ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਮੁਹੰਮਦ ਸਦੀਕ ਨੂੰ ਸਨਮਾਨਿਤ ਕੀਤਾ ਗਿਆ। ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਉਨ੍ਹਾਂ ਦੇ ਨਾਲ ਸਨ।