ਭਗਵਾਨ ਦਾਸ ਗਰਗ
ਨਥਾਣਾ, 17 ਸਤੰਬਰ
ਨਥਾਣਾ ’ਚੋਂ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਾਇਆ ਪੱਕਾ ਮੋਰਚਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਇਕੱਠ ਵਿੱਚ ਵੱਡੀ ਗਿਣਤੀ ਔਰਤਾਂ ਸ਼ਾਮਲ ਸਨ। ਅੱਜ ਧਰਨੇ ’ਤੇ ਬੈਠੇ ਲੋਕਾਂ ਅਤੇ ਕਿਸਾਨ ਵਰਕਰਾਂ ’ਚ ਉਸ ਸਮੇਂ ਤਲਖੀ ਵਾਲਾ ਮਾਹੌਲ ਬਣ ਗਿਆ ਜਦੋਂ ਹਲਕਾ ਵਿਧਾਇਕ ਦੇ ਲੜਕੇ ਨੇ ਸਟੇਜ ਤੋਂ ਕਿਹਾ ਕਿ ਪਾਣੀ ਦੀ ਨਿਕਾਸੀ ਦਾ ਮਾਮਲਾ ਅਗਲੇ ਸਾਲ ਬਰਸਾਤਾਂ ਦੇ ਮੌਸਮ ਤੱਕ ਹੱਲ ਕਰ ਲਿਆ ਜਾਵੇਗਾ। ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਨਥਾਣਾ ਨਗਰ ਵਿੱਚ ਸੀਵਰੇਜ ਵਿਛਾਉਣ ਲਈ ਭੇਜੀ ਗਈ ਤਕਰੀਬਨ 13 ਕਰੋੜ ਰੁਪਏ ਦੀ ਰਾਸ਼ੀ ਨੂੰ ਸਿਆਸੀ ਆਗੂ ਗੰਦੇ ਪਾਣੀ ਦੀ ਨਿਕਾਸੀ ਖਾਤਰ ਵਰਤਣ ਦਾ ਝਾਂਸਾ ਦੇ ਕੇ ਗੁਮਰਾਹ ਕਰ ਰਹੇ ਹਨ।ਬਾਅਦ ਵਿੱਚ ਵਿਧਾਇਕ ਦੇ ਲੜਕੇ ਹਰਸਿਮਰਨ ਸਿੰਘ ਨੇ ਕੁਝ ਆਗੂਆਂ ਨਾਲ ਵੱਖਰੀ ਮੀਟਿੰਗ ਕਰਕੇ ਪਾਣੀ ਦੀ ਨਿਕਾਸੀ ਸਬੰਧੀ ਵੱਖਰਾ ਪ੍ਰਾਜੈਕਟ ਤਿਆਰ ਕਰਵਾਉਣ ਦਾ ਭਰੋਸਾ ਦਿਵਾਇਆ। ਇਸੇ ਦੌਰਾਨ ਧਰਨਾਕਾਰੀਆਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਜਸਵੰਤ ਸਿੰਘ ਗੋਰਾ, ਰਾਮਰਤਨ ਸਿੰਘ, ਮਜਦੂਰ ਮੁਕਤੀ ਮੋਰਚਾ ਦੇ ਆਗੂ ਜਸਵੰਤ ਸਿੰਘ ਪੂਹਲੀ ਅਤੇ ਮਹਿਲਾ ਆਗੂ ਕਮਲਜੀਤ ਕੌਰ ਨੇ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਕਰਵਾਉਣ ਅਤੇ ਲੋਕਾਂ ਨੂੰ ਆਪਣੀ ਮੰਗਾਂ ਪੂਰੀਆ ਕਰਵਾਉਣ ਲਈ ਇਸ ਧਰਨੇ ਨੂੰ ਹਰ ਹਾਲਤ ਵਿੱਚ ਸਫ਼ਲ ਬਣਾਉਣ ਦੀ ਲੋੜ ਹੈ। ਆਗੂਆਂ ਸਪੱਸਟ ਕੀਤਾ ਕਿ ਲੋਕਾਂ ਦੇ ਸਹਿਯੋਗ ਨਾਲ ਆਉਦੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।