ਨਿੱਜੀ ਪੱਤਰ ਪ੍ਰੇਰਕ
ਮੋਗਾ, 17 ਸਤੰਬਰ
ਇਥੇ ਥਾਣਾ ਚੜਿੱਕ ਅਧੀਨ ਪਿੰਡ ਸਿੰਘਾਵਾਲਾ ਦੇ ਰਹਿਣ ਵਾਲੇ ਨੌਜਵਾਨ ਦੀ ਅੱਧਸੜੀ ਲਾਸ਼ ਪਿੰਡ ਕੋਲੋਂ ਲੰਘਦੀ ਡਰੇਨ ਨੇੜੇ ਢਾਬੇ ਕੋਲੋਂ ਮਿਲੀ ਹੈ। ਨੌਜਵਾਨ ਦੇ ਗਲ ਵਿਚ ਪਰਨਾ ਪਾਇਆ ਸੀ। ਪੁਲੀਸ ਨੇ ਖਦਸ਼ਾ ਪ੍ਰਗਟ ਕੀਤਾ ਕਿ ਗਲਾ ਘੁੱਟ ਕੇ ਹੱਤਿਆ ਕਰਨ ਬਾਅਦ ਨੌਜਵਾਨ ਦੀ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਥਾਣਾ ਚੜਿੱਕ ਮੁਖੀ ਜਨਕ ਰਾਜ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਮੁੱਖ ਸਿੰਘ (22) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਰੇਸ਼ਮ ਸਿੰਘ ਪਿੰਡ ਸਿੰਘਾਂਵਾਲਾ ਦੇ ਬਿਆਨ ਉੱਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਮੁੱਖ ਸਿੰਘ 15 ਸਤੰਬਰ ਦੀ ਸ਼ਾਮ ਨੂੰ ਕਰੀਬ 6 ਵਜੇ ਮੋਟਰਸਾਈਕਲ ’ਤੇ ਆਪਣੇ ਚਾਚਾ ਸਤਨਾਮ ਸਿੰਘ ਦੇ ਘਰ ਪੈਸੇ ਲੈਣ ਗਿਆ ਸੀ ਪਰ ਵਾਪਸ ਨਹੀਂ ਆਇਆ।