ਵਿਰੋਧੀ ਧਿਰ ਵੱਲੋਂ ਸਰਕਾਰ ਦੀ ਘੇਰਾਬੰਦੀ
ਸ਼ਗਨ ਕਟਾਰੀਆ
ਬਠਿੰਡਾ, 17 ਸਤੰਬਰ
ਕਾਂਗਰਸ ਵੱਲੋਂ ਪੰਜਾਬ ਵਿੱਚ ਅਮਨ-ਕਾਨੂੰਨ ਦੀ ਕਥਿਤ ਵਿਗੜ ਰਹੀ ਸਥਿਤੀ ਸਮੇਤ ਲੋਕ ਮੁੱਦਿਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਅੱਜ ਇੱਥੇ ਮਿਨੀ ਸਕੱਤਰੇਤ ਅੱਗੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਦੇ ਵਫ਼ਦ ਨੇ ਇਨ੍ਹਾਂ ਮੁੱਦਿਆਂ ਸਬੰਧੀ ਡੀਐੱਸਪੀ ਅਤੇ ਐੱਸਡੀਐੱਮ ਦੇ ਨਾਂਅ ਮੰਗ ਪੱਤਰ ਵੀ ਦਿੱਤਾ। ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ‘ਆਮ ਘਰਾਂ’ ਦੇ ਮੁੰਡੇ ਜਿਹੜੇ ਅੱਜ-ਕੱਲ੍ਹ ਵਿਧਾਇਕ ਬਣੇ ਹੋਏ ਹਨ, ਹੁਣ ਉਹ ਵੱਡੇ ਕਾਰੋਬਾਰੀ ਬਣ ਗਏ ਹਨ ਅਤੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਵੱਡੀਆਂ ਕੋਠੀਆਂ ਪਾਉਣ ਅਤੇ ਘਪਲੇ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ ਪਰ ਉਨ੍ਹਾਂ (ਵਿਧਾਇਕਾਂ) ਦਾ ਲੋਕ ਮੁੱਦਿਆਂ ਵੱਲ ਕੋਈ ਧਿਆਨ ਨਹੀਂ। ਰੋਜ਼ਾਨਾ ਲੁੱਟਾਂ-ਖੋਹਾਂ ਤੇ ਕਤਲ ਹੋ ਰਹੇ ਹਨ ਅਤੇ ਅਮਨ ਕਾਨੂੰਨ ਦੀ ਸਥਿਤੀ ਹੱਥੋਂ ਬਾਹਰ ਹੋ ਚੁੱਕੀ ਹੈ। ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ, ਨਗਰ ਨਿਗਮ ਦੇ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ, ਮਾਰਕਫੈੱਡ ਦੇ ਡਾਇਰੈਕਟਰ ਟਹਿਲ ਸਿੰਘ ਸੰਧੂ, ਡਿਪਟੀ ਮੇਅਰ ਹਰਮੰਦਰ ਸਿੰਘ, ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਕੇ ਕੇ ਅਗਰਵਾਲ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਨੇ ਕਿਹਾ ਕਿ ਪੰਜਾਬ ਵਿੱਚ ਹਰ ਹਫ਼ਤੇ ਤਿੰਨ ਤੋਂ ਚਾਰ ਕਤਲ ਹੋ ਰਹੇ ਹਨ। ਪੰਜਾਬੀ ਆਪਣੇ ਘਰਾਂ ਵਿੱਚ ਸੁਰੱਖਿਅਤ ਨਹੀਂ। ਕਿਰਨਜੀਤ ਸਿੰਘ ਗਹਿਰੀ, ਦਰਸ਼ਨ ਸਿੰਘ ਜੀਤਾ, ਹਰਵਿੰਦਰ ਲੱਡੂ, ਬਲਜਿੰਦਰ ਸਿੰਘ ਠੇਕੇਦਾਰ, ਮਹਿਲਾ ਆਗੂ ਅੰਮ੍ਰਿਤਾ ਗਿੱਲ ਤੇ ਅਨਿਲ ਭੋਲਾ ਨੇ ਪੈਟਰੋਲ, ਡੀਜ਼ਲ, ਬੱਸ ਕਿਰਾਏ ਅਤੇ ਬਿਜਲੀ ਦਰਾਂ ’ਚ ਵਾਧੇ ’ਤੇ ਪੰਜਾਬ ਸਰਕਾਰ ਨੂੰ ਘੇਰਿਆ। ਇਸ ਮੌਕੇ ਗੁਰਬਾਜ਼ ਸਿੰਘ ਸਿੱਧੂ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਰਾਧੇ ਸ਼ਾਮ, ਮਨਜੀਤ ਸਿੰਘ ਬਲਾਡੇ ਵਾਲਾ, ਸੁਰਿੰਦਰਜੀਤ ਸਿੰਘ ਸਾਹਨੀ, ਬਲਜੀਤ ਸਿੰਘ, ਸੰਜੀਵ ਬਬਲੀ, ਸੰਜੀਵ ਕੁਮਾਰ ਤੇ ਹੋਰ ਆਗੂ ਹਾਜ਼ਰ ਸਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਵੱਲੋਂ ਪੰਜਾਬ ਸਰਕਾਰ ਖਿਲਾਫ਼ ਜ਼ਿਲ੍ਹਾ ਕਚਹਿਰੀ ਵਿੱਚ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਪੁਲੀਸ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਜ਼ਿੰਦਗੀ ਲਈ ਪਹਿਰੇਦਾਰੀ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਦਾ ਰਾਜ ਲੰਬੇ ਸਮੇਂ ਤੋਂ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਕੋਈ ਵੀ ਆਪਣੇ-ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ ।
ਜ਼ੀਰਾ (ਹਰਮੇਸ਼ਪਾਲ ਨੀਲੇਵਾਲਾ): ਅੱਜ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਵੱਡੀ ਗਿਣਤੀ ਵਿੱਚ ਡੀਐੱਸਪੀ ਦਫ਼ਤਰ ਜ਼ੀਰਾ ਦੇ ਬਾਹਰ ਧਰਨਾ ਦਿੱਤਾ ਗਿਆ।
ਜੈਤੋ (ਪੱਤਰ ਪ੍ਰੇਰਕ): ਕਾਂਗਰਸ ਪਾਰਟੀ ਨੇ ਅੱਜ ਇਥੇ ਡੀਐਸਪੀ ਦਫ਼ਤਰ ਅੱਗੇ ਸਬ ਡਿਵੀਜ਼ਨ ਪੱਧਰੀ ਰੋਸ ਧਰਨਾ ਲਾਇਆ। ਇਸ ਮੌਕੇ ਹਲਕਾ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਦੀ ਅਗਵਾਈ ਵਿਚ ਇਕੱਠ ਨੂੰ ਕਾਂਗਰਸ ਦੇ ਸੂਬਾਈ ਆਗੂ ਮਨਪ੍ਰੀਤ ਸਿੰਘ ਸੇਖੋਂ, ਪੰਜਾਬ ਕਾਂਗਰਸ ਦੇ ਸਾਬਕਾ ਉਪ ਪ੍ਰਧਾਨ ਪਵਨ ਗੋਇਲ, ਨਵਦੀਪ ਸਿੰਘ (ਬੱਬੂ ਬਰਾੜ), ਮਿਹਰ ਸਿੰਘ ਕਰੀਰਵਾਲੀ, ਹਿਰਦੈਪਾਲ ਸਿੰਘ, ਵਿਸ਼ਾਲ (ਘੰਟੀ ਡੋਡ), ਸੱਤਾ ਭਾਊ, ਡੀਸਰ ਸਿੰਘ, ਤੁਲਸੀ ਰਾਮ ਬਾਂਸਲ, ਬੰਟੀ ਜਿੰਦਲ, ਪੁਸ਼ਪਿੰਦਰ ਸਿੰਘ ਕੂਕਾ, ਮਨਪ੍ਰੀਤ ਸਿੰਘ ਸੇਖੋਂ ਅਤੇ ਗਿਆਨ ਸਿੰਘ ਸੰਧੂ ਨੇ ਸੰਬੋਧਨ ਕੀਤਾ।
ਨਥਾਣਾ (ਭਗਵਾਨ ਦਾਸ ਗਰਗ): ਪੰਜਾਬ ’ਚ ਅਮਨ ਕਾਨੂੰਨ ਦੀ ਲਗਾਤਾਰ ਖ਼ਰਾਬ ਹੋ ਰਹੀ ਹਾਲਤ ਅਤੇ ਲੁੱਟ ਖੋਹ ਦੀਆਂ ਵੱਧ ਰਹੀਆਂ ਵਾਰਦਾਤਾਂ ਖਿਲਾਫ਼ ਕਾਂਗਰਸ ਵੱਲੋ ਇਥੇ ਥਾਣੇ ਦੇ ਗੇਟ ਅੱਗੇ ਅੱਜ ਰੋਸ ਧਰਨਾ ਦਿੱਤਾ ਗਿਆ।
ਮਹਿਲ ਕਲਾਂ (ਨਵਕਿਰਨ ਸਿੰਘ): ਪੰਜਾਬ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਅੱਜ ਸਬ ਡਿਵੀਜ਼ਨ ਮਹਿਲ ਕਲਾਂ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸਨ ਕਰਦਿਆਂ ਡੀਐੱਸਪੀ ਦਫ਼ਤਰ ਮਹਿਲ ਕਲਾਂ ਵਿਖੇ ਧਰਨਾ ਦਿੱਤਾ।
ਫਾਜ਼ਿਲਕਾ (ਪਰਮਜੀਤ ਸਿੰਘ): ਕਾਂਗਰਸ ਵਰਕਰਾਂ ਨੇ ਅੱਜ ਇਥੇ ਐੱਸਐੱਸਪੀ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਆਗੂਆਂ ਨੇ ਡੀ.ਐੱਸ.ਪੀ ਜਤਿੰਦਰ ਸਿੰਘ ਗਿੱਲ ਨੂੰ ਮੰਗ ਪੱਤਰ ਰਾਹੀਂ ਆਪਣੇ ਮੁੱਦਿਆਂ ਬਾਰੇ ਜਾਣੂ ਕਰਵਾਇਆ।
ਲੰਬੀ (ਇਕਬਾਲ ਸਿੰਘ ਸ਼ਾਂਤ): ਬਲਾਕ ਕਾਂਗਰਸ ਲੰਬੀ ਵੱਲੋਂ ਲੰਬੀ ਦੇ ਡੀਐੱਸਪੀ ਦਫਤਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਡੀਐਸਪੀ ਲੰਬੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਕਾਂਗਰਸ ਦੇ ਸੀਨੀਅਰ ਆਗੂ ਜਗਪਾਲ ਸਿੰਘ ਅਬੁੱਲ ਖੁਰਾਣਾ ਨੇ ਆਖਿਆ ਕਿ ਪੰਜਾਬ ਵਿੱਚ ਲਗਾਤਾਰ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਰਹੀ ਹੈ।
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਕਾਂਗਰਸੀ ਵਰਕਰਾਂ ਨੇ ਕਾਂਗਰਸ ਹਲਕਾ ਇੰਚਾਰਜ ਖੁਸ਼ਬਾਜ਼ ਸਿੰਘ ਜਟਾਣਾ ਦੀ ਅਗਵਾਈ ਹੇਠ ਡੀਐੱਸਪੀ ਦਫਤਰ ਤਲਵੰਡੀ ਸਾਬੋ ਅੱਗੇ ਰੋਸ ਧਰਨਾ ਦਿੱਤਾ।
ਬੱਚੇ ਟਿਫ਼ਨਾਂ ’ਚ ਵੇਚ ਰਹੇ ਨੇ ਨਸ਼ੇ ਦੀਆਂ ਪੁੜੀਆਂ: ਮਾਲਵਿਕਾ ਸੂਦ
ਮੋਗਾ (ਮਹਿੰਦਰ ਸਿੰਘ ਰੱਤੀਆਂ): ਪੰਜਾਬ ਕਾਂਗਰਸ ਦੇ ਸੱਦੇ ਉੱਤੇ ਇਥੇ ਮੋਗਾ, ਧਰਮਕੋਟ, ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਵਿਖੇ ਕਾਂਗਰਸ ਹਲਕਾ ਇੰਚਾਰਜਾਂ ਨੇ ਧਰਨਾ ਦਿੱਤਾ। ਜਿਥੇ ਇਨ੍ਹਾਂ ਧਰਨਿਆਂ ਵਿਚ ਨਸ਼ਿਆਂ ਅਤੇ ਮੋਗਾ ਸ਼ਹਿਰ ਦੇ ਨਿਊ ਟਾਊਨ ਖੇਤਰ ਵਿੱਚ ਬੱਚੇ ਟਿਫ਼ਨਾਂ ’ਚ ਨਸ਼ੇ ਦੀਆਂ ਪੁੜੀਆਂ ਵੇਚਣ ਦਾ ਮੁੱਦਾ ਛਾਇਆ ਰਿਹਾ ਉਥੇ ਬਾਘਾਪੁਰਾਣਾ ਹਲਕੇ ਵਿਚ ਕਾਂਗਰਸ ਦੀ ਫੁੱਟ ਮੁੱੜ ਜੱਗ ਜ਼ਾਹਿਰ ਹੋ ਗਈ। ਬਾਘਾਪੁਰਾਣਾ ਵਿੱਚ ਦੋ ਵੱਖੋ ਵੱਖਰੇ ਧਰਨੇ ਦਿੱਤੇ ਗਏ। ਇਥੇ ਉੱਘੇ ਅਦਾਕਾਰ ਸੋਨੂ ਸੂਦ ਦੀ ਭੈਣ ਅਤੇ ਸ਼ਹਿਰੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਲਾਅ ਐਂਡ ਆਰਡਰ ਦੀ ਨਾਕਾਮੀ ਦਾ ਜ਼ਿਕਰ ਕਰਦੇ ਦਾਅਵਾ ਕੀਤਾ ਕਿ ਸ਼ਹਿਰ ਦੇ ਨਿਊ ਟਾਊਨ ਖੇਤਰ ਵਿਚ ਬੱਚੇ ਟਿਫ਼ਨਾਂ ’ਚ ਨਸ਼ੇ ਦੀਆਂ ਪੁੜੀਆਂ ਵੇਚ ਰਹੇ ਹਨ। ਧਰਮਕੋਟ ਵਿਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਵਧ ਰਹੇ ਨਸ਼ਿਆਂ ਦੇ ਰੁਝਾਨ ਉੱਤੇ ਚਿੰਤਾ ਪ੍ਰਗਟਾਈ।ਬਾਘਾਪੁਰਾਣਾ ਥਾਣੇ ਅੱਗੇ ਕਾਂਗਰਸ ਆਗੂ ਜਗਸੀਰ ਸਿੰਘ ਕਾਲੇਕੇ ਅਤੇ ਬਾਘਾਪੁਰਾਣਾ ਡੀਐੱਸਪੀ ਦਫ਼ਤਰ ਅੱਗੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਵੱਖੋ ਵੱਖਰੇ ਧਰਨੇ ਦਿੱਤੇ ਗਏ ਅਤੇ ਨਿਹਾਲ ਸਿੰਘ ਵਾਲਾ ਵਿੱਚ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਦੀ ਅਗਵਾਈ ਹੇਠ ਧਰਨੇ ਵਿਚ ਕਾਂਗਰਸ ਆਗੂਆਂ ਨੇ ਆਪ ਸਰਕਾਰ ਦੀ ਆਲੋਚਨਾ ਕੀਤੀ।