ਪੱਤਰ ਪ੍ਰੇਰਕ
ਧਾਰੀਵਾਲ, 17 ਸਤੰਬਰ
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਦੀ ਜ਼ਿਲ੍ਹਾ ਕਮੇਟੀ ਦੇ ਫੈਸਲੇ ਅਨੁਸਾਰ ਪਿੰਡ ਅਹਿਮਦਾਬਾਦ ਧਾਰੀਵਾਲ ਵਿੱਚ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੇ ਜ਼ਿਲ੍ਹਾ ਕਮੇਟੀ ਮੈਂਬਰ ਨਰੇਸ਼ ਪਾਲ ਦੀ ਅਗਵਾਈ ਹੇਠ ਮਜ਼ਦੂਰ ਵਰਗ ਦੀ ਇਲਾਕਾ ਪੱਧਰੀ ਕਨਵੈਨਸ਼ਨ ਹੋਈ। ਇਸ ਮੌਕੇ ਮੁੱਖ ਬੁਲਾਰੇ ਦੇ ਤੌਰ ’ਤੇ ਪਹੁੰਚੇ ਜਥੇਬੰਦੀ ਦੇ ਦਫਤਰ ਸਕੱਤਰ ਜੋਗਿੰਦਰ ਪਾਲ ਘੁਰਾਲਾ ਅਤੇ ਸੁਨੀਲ ਕੁਮਾਰ ਬਰਿਆਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ 44 ਤਰ੍ਹਾਂ ਦੇ ਕਿਰਤ ਕਾਨੂੰਨਾਂ ਨੂੰ ਤਬਦੀਲ ਕਰਕੇ ਇਨ੍ਹਾਂ ਨੂੰ ਚਾਰ ਕਿਰਤ ਕੋਡਾਂ ਵਿੱਚ ਬਦਲ ਦਿੱਤਾ ਹੈ। ਇਨ੍ਹਾਂ ਕੋਡਾਂ ਦੀ ਆੜ ਹੇਠ ਕਾਮਿਆਂ ਨੂੰ ਆਪਣੀ ਜਥੇਬੰਦੀ ਬਣਾਉਣ, ਹੱਕੀ ਮੰਗਾਂ ਨੂੰ ਲੈ ਕੇ ਘੋਲ ਕਰਨ, ਰੈਲੀਆਂ, ਮੁਜ਼ਾਹਰਾ ਅਤੇ ਹੜਤਾਲਾਂ ਕਰਨ ਉੱਤੇ ਪਾਬੰਦੀਆਂ ਲਾਈਆਂ ਜਾਣਗੀਆਂ। ਕਾਮਿਆਂ ਦੀ ਦਿਹਾੜੀ ਦਾ ਸਮਾਂ ਵੀ ਅੱਠ ਘੰਟੇ ਤੋਂ ਵਧਾ ਕੇ 12 ਘੰਟੇ ਕਰ ਦਿੱਤਾ ਹੈ। ਆਗੂਆਂ ਦੱਸਿਆ ਕਿ ਇਫਟੂ ਵੱਲੋਂ 22 ਸਤੰਬਰ ਨੂੰ ਜਲੰਧਰ ਵਿੱਚ ਕੀਤੀ ਜਾ ਰਹੀ ਸੂਬਾ ਪੱਧਰੀ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਲਈ ਜ਼ਿਲ੍ਹੇ ਅੰਦਰ ਕਨਵੈਨਸ਼ਨਾਂ ਕਰ ਕੇ ਮਜ਼ਦੂਰਾਂ ਨੂੰ ਇਨ੍ਹਾਂ ਕਾਨੂੰਨਾਂ ਵਿਰੁੱਧ ਸੰਘਰਸ਼ ਲਈ ਲਾਮਬੰਦ ਕੀਤਾ ਜਾ ਰਿਹਾ ਹੈ।