ਕੇ.ਕੇ. ਬਾਂਸਲ
ਰਤੀਆ, 17 ਸਤੰਬਰ
ਆਮ ਚੋਣ ਸੁਪਰਵਾਈਜ਼ਰ ਅਰੁੰਧਤੀ ਚੱਕਰਵਰਤੀ ਨੇ ਰਤੀਆ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਮਿਊਨਿਟੀ ਸੈਂਟਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੋਲਿੰਗ ਕੇਂਦਰਾਂ ਦੇ ਸਟਰਾਂਗ ਰੂਮ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਹਰ ਹਾਲਤ ਵਿੱਚ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਸਟਰਾਂਗ ਰੂਮ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਇੱਥੇ ਈਵੀਐਮਜ਼ ਨੂੰ ਰੱਖਣ ਅਤੇ ਫਿਰ ਗਿਣਤੀ ਲਈ ਲਿਜਾਣ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਬਿਨਾਂ ਇਜਾਜ਼ਤ ਅਤੇ ਪਾਸ ਦੇ ਸਟਰਾਂਗ ਰੂਮ ਖੇਤਰ ਵਿੱਚ ਦਾਖਲ ਨਹੀਂ ਹੋਣਾ ਚਾਹੀਦਾ। ਉਨ੍ਹਾਂ ਹਦਾਇਤ ਕੀਤੀ ਕਿ ਸੀਸੀਟੀਵੀ ਦੇ ਕੰਮਕਾਜ ਦੇ ਨਾਲ-ਨਾਲ ਇਸ ਦੀ ਫੁਟੇਜ਼ ਦਾ ਬੈਕਅੱਪ ਸੰਭਾਲਣਾ ਜ਼ਰੂਰੀ ਹੈ। ਇਸੇ ਤਰ੍ਹਾਂ ਸਟਰਾਂਗ ਰੂਮ ਵਿੱਚ ਤਾਇਨਾਤ ਗਾਰਡਾਂ ਦਾ ਲਾਗ ਬੁੱਕ ਰਜਿਸਟਰ ਪੂਰੀ ਤਰ੍ਹਾਂ ਨਾਲ ਸੰਭਾਲਿਆ ਜਾਵੇ। ਆਬਜ਼ਰਵਰ ਨੇ ਕਿਹਾ ਕਿ ਈਵੀਐਮ ਅਤੇ ਵੀਵੀਪੀਏਟੀ ਸਟਰਾਂਗ ਰੂਮਾਂ ਦੀ ਸੁਰੱਖਿਆ ਅਤੇ ਪ੍ਰਬੰਧ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਮਾਪਦੰਡਾਂ ਅਨੁਸਾਰ ਹੋਣੇ ਚਾਹੀਦੇ ਹਨ। ਇਸ ਮੌਕੇ ਰਤੀਆ ਰਿਟਰਨਿੰਗ ਅਫ਼ਸਰ ਤੇ ਐੱਸਡੀਐੱਮ ਜਗਦੀਸ਼ ਚੰਦਰ, ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ, ਨਗਰ ਕੌਂਸਲ ਦੇ ਸਕੱਤਰ ਸੰਦੀਪ ਭੁੱਕਲ, ਅਵਨੀਸ਼ ਗਰਗ, ਸੁਨੀਲ ਲਾਂਬਾ ਸਣੇ ਹੋਰ ਅਧਿਕਾਰੀ ਹਾਜ਼ਰ ਸਨ।