ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਸਤੰਬਰ
ਭਾਰਤੀ ਯੂਥ ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਨੂੰ ਦੇਸ਼ ਭਰ ਵਿੱਚ ਕੌਮੀ ਬੇਰੁਜ਼ਗਾਰੀ ਦਿਵਸ ਵਜੋਂ ਮਨਾਇਆ। ਇਸ ਮੌਕੇ ਯੂਥ ਕਾਂਗਰਸ ਦੇ ਵਰਕਰਾਂ ਨੇ ਦਿੱਲੀ ਵਿੱਚ ਯੂਥ ਕਾਂਗਰਸ ਦੇ ਕੌਮੀ ਦਫ਼ਤਰ ਵਿੱਚ ਬੇਰੁਜ਼ਗਾਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਨੌਜਵਾਨਾਂ ਵਾਲਾ ਦੇਸ਼ ਹੋਣ ਦੇ ਬਾਵਜੂਦ ਇੱਥੇ ਨੌਜਵਾਨਾਂ ਦੀ ਵੱਡੀ ਗਿਣਤੀ ਭਾਵ 60 ਫ਼ੀਸਦ ਬੇਰੁਜ਼ਗਾਰ ਘੁੰਮ ਰਹੇ ਹਨ। ਉਨ੍ਹਾਂ ਦੀ ਔਸਤ ਉਮਰ 20 ਸਾਲ (46 ਫ਼ੀਸਦ ਨੌਜਵਾਨਾਂ ਦੀ) ਹੈ। ਇੰਡੀਅਨ ਯੂਥ ਕਾਂਗਰਸ ਦੇ ਕੌਮੀ ਦਫਤਰ ਵਿੱਚ ਨੌਜਵਾਨ ਕਾਰਕੁਨਾਂ ਨੇ ਪਕੌੜੇ ਤਲੇ ਅਤੇ ਬੂਟ ਪਾਲਿਸ਼ ਕਰਕੇ ਇਹ ਸੰਕੇਤਕ ਵਿਰੋਧ ਦਰਜ ਕਰਵਾਇਆ। ਪਕੌੜੇ ਤਲਣ ਪਿੱਛੇ ਮਕਸਦ ਇਹ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਵੱਲੋਂ ਪਕੌੜੇ ਤਲਣ ਨੂੰ ਵੀ ਇੱਕ ਰੁਜ਼ਗਾਰ ਦਾ ਵਸੀਲਾ ਦੱਸਿਆ ਸੀ। ਪ੍ਰਦਰਸ਼ਨ ਦੀ ਅਗਵਾਈ ਇੰਡੀਅਨ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਨਿਵਾਸ ਬੀ.ਵੀ. ਨੇ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਹੀ ਦੇਸ਼ ਦੇ ਨੌਜਵਾਨਾਂ ਲਈ ਬੇਰੁਜ਼ਗਾਰੀ ਦਾ ਤੋਹਫ਼ਾ ਲੈ ਕੇ ਆਈ ਹੈ। ਇਸੇ ਲਈ ਅੱਜ ਦੇਸ਼ ਦੇ ਬੇਰੁਜ਼ਗਾਰ ਨੌਜਵਾਨ ਉਨ੍ਹਾਂ ਦੇ ਜਨਮ ਦਿਨ ਨੂੰ ਰਾਸ਼ਟਰੀ ਬੇਰੁਜ਼ਗਾਰ ਦਿਵਸ ਵਜੋਂ ਮਨਾ ਰਹੇ ਹਨ। ਕੌਮੀ ਪ੍ਰਧਾਨ ਨਿਵਾਸ ਬੀ.ਵੀ. ਨੇ ਕਿਹਾ ਕਿ ਮੋਦੀ ਸਰਕਾਰ ਦੇ ਸ਼ਾਸਨ ਵਿੱਚ ਦੇਸ਼ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਨੌਜਵਾਨ ਨਿਰਾਸ਼ ਹਨ, ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਉਸ ਅਨੁਸਾਰ ਅੱਜ ਦੇਸ਼ ਵਿੱਚ 16 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਸੀ, ਪਰ ਅਸਲੀਅਤ ਇਹ ਹੈ 16. ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਪਰ 22 ਕਰੋੜ ਲੋਕਾਂ ਦੀਆਂ ਅਰਜ਼ੀਆਂ ਜ਼ਰੂਰ ਆਈਆਂ ਅਤੇ ਉਨ੍ਹਾਂ ਵਿੱਚੋਂ ਸਿਰਫ਼ 7 ਲੱਖ ਲੋਕਾਂ ਨੂੰ ਹੀ ਰੁਜ਼ਗਾਰ ਮਿਲਿਆ।
ਭਾਜਪਾ ਆਗੂਆਂ ਵੱਲੋਂ ਗੁਰਦੁਆਰਾ ਬਾਲਾ ਸਾਹਿਬ ਵਿੱਚ ਅਰਦਾਸ
ਨਵੀਂ ਦਿੱਲੀ (ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਗੁਰਦੁਆਰਾ ਬਾਲਾ ਸਾਹਿਬ ਵਿੱਚ ਅਰਦਾਸ ਕੀਤੀ ਅਤੇ ਹਨੂੰਮਾਨ ਮੰਦਰ ਵਿਖੇ ਸੁੰਦਰ ਕਾਂਡ ਪਾਠ ਅਤੇ ਖ਼ੂਨਦਾਨ ਕੈਂਪ ਵਿੱਚ ਹਿੱਸਾ ਲਿਆ। ਦਿੱਲੀ ਭਾਜਪਾ ਵੱਲੋਂ ਅੱਜ ਸਵੇਰੇ ਪਾਰਟੀ ਦੇ ਰਾਸ਼ਟਰੀ ਦਫਤਰ ਕੰਪਲੈਕਸ ਵਿੱਚ ਖੂਨਦਾਨ ਕੈਂਪ ਦਾ ਉਦਘਾਟਨ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਕੀਤਾ।
ਯੂਥ ਕਾਂਗਰਸ ਵੱਲੋਂ ਬਿੱਟੂ ਖ਼ਿਲਾਫ਼ ਪ੍ਰਦਰਸ਼ਨ
ਨਵੀਂ ਦਿੱਲੀ (ਪੱਤਰ ਪ੍ਰੇਰਕ): ਇੰਡੀਅਨ ਯੂਥ ਕਾਂਗਰਸ ਦੇ ਕੁਝ ਕਾਰਕਨਾਂ ਵੱਲੋਂ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਪ੍ਰਦਰਸ਼ਨ ਕੀਤਾ। ਯੂਥ ਕਾਂਗਰਸ ਦੇ ਕੁਝ ਕਾਰਕੁਨ ਅਚਾਨਕ ਬਿੱਟੂ ਦੀ ਸਰਕਾਰੀ ਰਿਹਾਇਸ਼ ਦੇ ਸਾਹਮਣੇ ਪਹੁੰਚ ਗਏ ਅਤੇ ਬੈਨਰ ਲੈ ਕੇ ਬਿੱਟੂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।