ਨਵੀਂ ਦਿੱਲੀ, 18 ਸਤੰਬਰ
ਆਸਟਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਨੂੰ ਪੰਜਾਬ ਕਿੰਗਜ਼ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਉਹ ਇਸ ਆਈਪੀਐੱਲ ਟੀਮ ਵਿੱਚ ਆਪਣੇ ਹਮਵਤਨ ਟ੍ਰੇਵਰ ਬੈਲਿਸ ਦੀ ਥਾਂ ਲਵੇਗਾ। ਪੌਂਟਿੰਗ ਸੱਤ ਸਾਲ ਦਿੱਲੀ ਕੈਪੀਟਲਜ਼ ਦਾ ਹਿੱਸਾ ਰਹਿਣ ਤੋਂ ਬਾਅਦ ਪੰਜਾਬ ਕਿੰਗਜ਼ ਨਾਲ ਜੁੜਿਆ ਹੈ। ਫਰੈਂਚਾਇਜ਼ੀ ਦੇ ਸੀਈਓ ਸਤੀਸ਼ ਮੈਨਨ ਨੇ ਕਿਹਾ, ‘ਅਗਲੇ ਚਾਰ ਸੀਜ਼ਨਾਂ ਲਈ ਟੀਮ ਦਾ ਨਿਰਮਾਣ ਅਤੇ ਇਸ ਦਾ ਮਾਰਗਦਰਸ਼ਨ ਕਰਨ ਲਈ ਰਿੱਕੀ ਨੂੰ ਮੁੱਖ ਕੋਚ ਨਿਯੁਕਤ ਕਰਕੇ ਅਸੀਂ ਬਹੁਤ ਉਤਸ਼ਾਹਿਤ ਹਾਂ।’ ਆਈਪੀਐੱਲ ਦੇ ਸੂਤਰ ਨੇ ਕਿਹਾ ਕਿ ਪੌਂਟਿੰਗ ਬਾਕੀ ਸਪੋਰਟ ਸਟਾਫ ਬਾਰੇ ਫ਼ੈਸਲਾ ਲਵੇਗਾ। ਪੌਂਟਿੰਗ ਦੇ ਮਾਰਗਦਰਸ਼ਨ ਹੇਠ ਦਿੱਲੀ ਕੈਪੀਟਲਜ਼ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਟੀਮ ਆਈਪੀਐੱਲ ਖਿਤਾਬ ਨਹੀਂ ਜਿੱਤ ਸਕੀ। ਇਸ ਦੌਰਾਨ ਟੀਮ 2020 ਵਿੱਚ ਫਾਈਨਲ ਵਿੱਚ ਵੀ ਪਹੁੰਚੀ। ਪੌਂਟਿੰਗ ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਦਾ ਕੋਚ ਵੀ ਰਹਿ ਚੁੱਕਾ ਹੈ। ਪੰਜਾਬ ਦੀ ਟੀਮ ਵੀ 2008 ਵਿੱਚ ਲੀਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਆਈਪੀਐੱਲ ਖਿਤਾਬ ਨਹੀਂ ਜਿੱਤ ਸਕੀ। ਪੰਜਾਬ 2014 ’ਚ ਫਾਈਨਲ ’ਚ ਪਹੁੰਚਿਆ ਸੀ ਪਰ ਟੀਮ ’ਚ ਵਾਰ-ਵਾਰ ਬਦਲਾਅ ਕਰਕੇ ਉਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੀਮ ਪਿਛਲੇ ਸੱਤ ਸੀਜ਼ਨਾਂ ਵਿੱਚ ਸਿਖਰਲੇ ਪੰਜ ਸਥਾਨਾਂ ਵਿੱਚ ਵੀ ਥਾਂ ਨਹੀਂ ਬਣਾ ਸਕੀ। -ਪੀਟੀਆਈ