ਭੁਬਨੇਸ਼ਵਰ, 18 ਸਤੰਬਰ
ਉੜੀਸਾ ਪੁਲੀਸ ਨੇ ਭੁਬਨੇਸ਼ਵਰ ਦੇ ਭਰਤਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਸਣੇ ਪੰਜ ਪੁਲੀਸ ਅਧਿਕਾਰੀਆਂ ਨੂੰ ਕਥਿਤ ਤੌਰ ’ਤੇ ਫੌਜੀ ਅਧਿਕਾਰੀ ਦੀ ਕੁੱਟਮਾਰ ਕਰਨ ਤੇ ਉਸ ਦੀ ਮਹਿਲਾ ਦੋਸਤ ਨਾਲ ਥਾਣੇ ਵਿਚ ਛੇੜਛਾੜ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ। ਪੁਲੀਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਵਾਈ ਬੀ ਖੁਰਾਨੀਆ ਨੇ ਅੱਜ ਇਸ ਸਬੰਧੀ ਹੁਕਮ ਜਾਰੀ ਕੀਤੇ। ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ’ਚ ਤਾਇਨਾਤ ਫੌਜੀ ਅਧਿਕਾਰੀ ਅਤੇ ਉਸ ਦੀ ਮਹਿਲਾ ਦੋਸਤ ਐਤਵਾਰ ਸਵੇਰੇ ਭਰਤਪੁਰ ਪੁਲੀਸ ਸਟੇਸ਼ਨ ’ਚ ਸੜਕ ’ਤੇ ਹੋਏ ਝਗੜੇ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਪੁੱਜੇ ਸਨ ਪਰ ਪੁਲੀਸ ਸਟੇਸ਼ਨ ’ਚ ਐਫਆਈਆਰ ਦਰਜ ਕਰਨ ਨੂੰ ਲੈ ਕੇ ਦੋਵਾਂ ਦਾ ਪੁਲੀਸ ਨਾਲ ਝਗੜਾ ਹੋ ਗਿਆ। ਫੌਜੀ ਅਧਿਕਾਰੀ ਨੂੰ ਕਥਿਤ ਤੌਰ ’ਤੇ ਲਾਕਅੱਪ ’ਚ ਰੱਖਿਆ ਗਿਆ ਸੀ ਅਤੇ ਉਸ ਦੀ ਮਹਿਲਾ ਦੋਸਤ ਨਾਲ ਛੇੜਛਾੜ ਕੀਤੀ ਗਈ ਸੀ। -ਪੀਟੀਆਈ