ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 18 ਸਤੰਬਰ
ਇੱਥੇ ਪਿੰਡ ਬਿਸ਼ਨਪੁਰਾ ਵਿੱਚ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਮਾਰੇ ਗਏ ਮਨਰੇਗਾ ਮਜ਼ਦੂਰਾਂ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਅੱਜ ਤੀਜੇ ਦਿਨ ਵੀ ਧਰਨਾ ਜਾਰੀ ਰਿਹਾ। ਧਰਨੇ ਵਾਲੀ ਥਾਂ ’ਤੇ ਮੌਜੂਦ ਬਿਸ਼ਨਪੁਰਾ ਕਾਂਡ ਐਕਸ਼ਨ ਕਮੇਟੀ ਦੇ ਆਗੂਆਂ ਪ੍ਰਗਟ ਸਿੰਘ ਕਾਲਾਝਾੜ, ਗੋਬਿੰਦ ਸਿੰਘ ਛਾਜਲੀ, ਹਰਭਗਵਾਨ ਸਿੰਘ ਮੂਨਕ, ਸਤਪਾਲ ਸਿੰਘ ਬਹਿਣੀਵਾਲ, ਹਰਪ੍ਰੀਤ ਕੌਰ ਧੂਰੀ, ਹਰਪਾਲ ਕੌਰ ਟਿੱਬੀ, ਕਾਮਰੇਡ ਵਰਿੰਦਰ ਕੌਸ਼ਿਕ, ਬਹਾਲ ਸਿੰਘ ਬੇਨੜਾ, ਕਸ਼ਮੀਰ ਸਿੰਘ ਗਦਾਈਆ, ਕਰਨੈਲ ਸਿੰਘ ਨੀਲੋਵਾਲ ਅਤੇ ਹਰਜਸ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਇਨਸਾਫ ਲੈਣ ਲਈ ਲਗਾਤਾਰ ਤਿੰਨ ਦਿਨ ਤੋਂ ਸੁਨਾਮ-ਪਟਿਆਲਾ ਰੋਡ ਉਪਰ ਧਰਨਾ ਲਗਾ ਕੇ ਬੈਠੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਵੀ ਸਿਆਸੀ ਨੁਮਾਇੰਦਾ ਅਜੇ ਤੱਕ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਬਹੁੜਿਆ। ਆਗੂਆਂ ਨੇ ਦੱਸਿਆ ਕਿ ਅੱਜ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਐਕਸ਼ਨ ਕਮੇਟੀ ਦੇ ਆਗੂਆਂ ਦਰਮਿਆਨ ਮੀਟਿੰਗ ਹੋਈ ਸੀ ਪਰ ਐਕਸ਼ਨ ਕਮੇਟੀ ਦੀਆਂ ਮੰਗਾਂ ’ਤੇ ਪ੍ਰਸ਼ਾਸਨ ਨੇ ਸਹਿਮਤੀ ਨਹੀਂ ਦਿਖਾਈ, ਜਿਸ ਕਾਰਨ ਮੀਟਿੰਗ ਬੇਸਿੱਟਾ ਹੀ ਰਹੀ।
ਅੱਜ ਧਰਨਾਕਾਰੀਆਂ ਵੱਲੋਂ ਸੂਬਾ ਸਰਕਾਰ ਸਮੇਤ ਇਥੋਂ ਦੇ ਕੁਝ ਕੁ ਭਾਜਪਾ ਆਗੂਆਂ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਦਾ ਕਹਿਣਾ ਸੀ ਕੁਝ ਭਾਜਪਾ ਆਗੂ ਧਰਨੇ ਨੂੰ ਖਿੰਡਾਉਣ ਦੀਆਂ ਲਗਾਤਾਰ ਕੋਝੀਆਂ ਕੋਸ਼ਿਸ਼ਾਂ ਕਰ ਰਹੇ ਹਨ ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਐਕਸ਼ਨ ਕਮੇਟੀ ਆਗੂਆਂ ਨੇ ਐਲਾਨ ਕੀਤਾ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਕੱਲ੍ਹ ਨੂੰ ਵੀ ਧਰਨਾ ਜਾਰੀ ਰਹੇਗਾ। ਉਨ੍ਹਾਂ ਵੱਖ ਵੱਖ ਮਜ਼ਦੂਰ ਜਥੇਬੰਦੀਆਂ ਨੂੰ ਇਸ ਇਨਸਾਫ ਦਿਵਾਊ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ, ਲੋਕ ਸੰਗਰਾਮ ਮੋਰਚਾ ਦੇ ਆਗੂ ਨਰਿੰਦਰ ਨਿੰਦੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਗੁਰਵਿੰਦਰ ਸਿੰਘ ਬੋੜਾ ਤੇ ਮੇਜਰ ਸਿੰਘ ਉੱਪਲੀ ਆਦਿ ਨੇ ਵੀ ਸੰਬੋਧਨ ਕੀਤਾ।
ਮਾਮਲੇ ਦੇ ਹੱਲ ਲਈ ਯਤਨ ਜਾਰੀ: ਐੱਸਡੀਐੱਮ
ਸੁਨਾਮ ਦੇ ਐੱਸਡੀਐੱਮ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਮ੍ਰਿਤਕ ਚਾਰ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿਵਾਉਣ ਲਈ ਪ੍ਰਸ਼ਾਸਨ ਤਨਦੇਹੀ ਨਾਲ ਜੁਟਿਆ ਹੋਇਆ ਹੈ। ਦੋ ਮ੍ਰਿਤਕਾਂ ਦੇ ਵਾਰਿਸ, ਜਿਨ੍ਹਾਂ ਨੇ ਕੁਝ ਕੁ ਬਣਦੇ ਦਸਤਾਵੇਜ਼ ਪ੍ਰਸ਼ਾਸਨ ਨੂੰ ਦੇ ਦਿੱਤੇ ਸਨ, ਉਨ੍ਹਾਂ ਨੂੰ 16 ਘੰਟੇ ਦੇ ਅੰਦਰ ਅੰਦਰ 4-4 ਲੱਖ ਰੁਪਏ ਦੇ ਚੈੱਕ ਸੌਂਪ ਦਿੱਤੇ ਹਨ। ਬਾਕੀ ਦੋ ਪਰਿਵਾਰਾਂ ਨੂੰ ਵੀ ਭਰੋਸੇ ਵਿਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਮਨਰੇਗਾ ਤਹਿਤ ਮਿਲਣ ਵਾਲੀ 2 ਲੱਖ ਰੁਪਏ ਦੀ ਰਾਸ਼ੀ ਵੀ ਮ੍ਰਿਤਕਾਂ ਦੇ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।