ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 18 ਸਤੰਬਰ
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਖਟਕੜ ਕਲਾਂ ਵਿੱਚ ਹੋਣ ਵਾਲੀ ਰੈਲੀ ’ਚ ਪੁੱਜਣ ਦਾ ਸੱਦਾ ਦੇਣ ਲਈ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂਆਂ ਵੱਲੋਂ ਪਿੰਡ ਘੁੱਦਾ ਅਤੇ ਕੋਟਗੁਰੂ ’ਚ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ।
ਵਿਦਿਆਰਥੀ ਆਗੂ ਗੁਰਦਾਤ ਸਿੰਘ ਅਤੇ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਅਜੋਕੇ ਸਮੇਂ ਜਦੋਂ ਜਵਾਨੀ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੀ ਹੈ ਅਤੇ ਉਸ ਦੀ ਲਿਆਕਤ ਸੜਕਾਂ ’ਤੇ ਰੁਲ ਰਹੀ ਹੈ ਤਾਂ ਇਸ ਵਕਤ ਅਣਸਰਦੀ ਲੋੜ ਬਣ ਜਾਂਦੀ ਹੈ ਕਿ ਨੌਜਵਾਨ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਸੇਧ ਲੈ ਕੇ, ਜ਼ਿੰਦਗੀ ਨੂੰ ਬਦਲਣ ਅੱਗੇ ਹੋ ਕੇ ਸੰਘਰਸ਼ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨੀ ਦਾ ਵਿਦੇਸ਼ ਜਾਣ ਦਾ ਰੁਝਾਨ ਅਤੇ ਉਥੇ ਪਹੁੰਚ ਕੇ ਮੰਦਹਾਲੀ ਦਾ ਸਾਹਮਣਾ ਕਰਨਾ ਖ਼ਤਰਨਾਕ ਵਰਤਾਰੇ ਹਨ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਰਾਹੀਂ ਸਿੱਖਿਆ ਦੇ ਨਿੱਜੀਕਰਨ, ਵਪਾਰੀਕਰਨ, ਅਤੇ ਕੇਂਦਰੀਕਰਨ ਦਾ ਰਾਹ ਖੋਲ੍ਹ ਦਿੱਤਾ ਗਿਆ ਹੈ। ਸਰਕਾਰੀ ਸੰਸਥਾਵਾਂ ਫੰਡਾਂ ਦੀ ਕਮੀ ਕਾਰਨ ਬੰਦ ਹੋਣ ਕਿਨਾਰੇ ਹਨ। ਨੌਜਵਾਨ ਨਸ਼ਿਆਂ ਦੀ ਮਾਰ ਹੰਢਾ ਰਹੇ ਹਨ। ਅਜਿਹੇ ਦੌਰ ’ਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਰੌਸ਼ਨੀ ਦੀ ਬੇਹੱਦ ਲੋੜ ਹੈ।