ਜੋਗਿੰਦਰ ਸਿੰਘ ਮਾਨ/ਕਰਨ ਭੀਖੀ
ਮਾਨਸਾ/ਭੀਖੀ, 18 ਸਤੰਬਰ
ਮਾਨਸਾ ਜ਼ਿਲ੍ਹੇ ਦੇ ਪਿੰਡ ਮੌਜ਼ੋ ਖੁਰਦ ਦੇ ਇੱਕ ਕਿਸਾਨ ਬਹਾਦਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਭੀਖੀ ਪੁਲੀਸ ਸਟੇਸ਼ਨ ਅੱਗੇ ਧਰਨਾ ਲਾਇਆ ਗਿਆ। ਧਰਨਾਕਾਰੀਆਂ ਨੂੰ ਪੁਲੀਸ ਵੱਲੋਂ ਲਾਰੇ-ਲੱਪੇ ਵਿੱਚ ਰੱਖਣ ਤੋਂ ਅੱਕ ਕੇ ਜਥੇਬੰਦਕ ਆਗੂਆਂ ਨੇ ਜਦੋਂ ਮਾਨਸਾ-ਚੰਡੀਗੜ੍ਹ ਮੁੱਖ ਮਾਰਗ ’ਤੇ ਭੀਖੀ ਵਿਚ ਜਾਮ ਲਗਾ ਦਿੱਤਾ ਤਾਂ ਜ਼ਿਲ੍ਹਾ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਜ਼ਿਲ੍ਹਾ ਪੁਲੀਸ ਵੱਲੋਂ ਡੀਐਸਪੀ ਗੁਰਪ੍ਰੀਤ ਸਿੰਘ ਬੈਂਸ ਵੱਲੋਂ ਜਾਮ ਦੌਰਾਨ ਧਰਨੇ ’ਚ ਪਹੁੰਚ ਕੇ ਮੰਚ ਤੋਂ ਸੰਬੋਧਨ ਕਰਦਿਆਂ ਦੋ ਦਿਨਾਂ ਵਿੱਚ ਇਨਸਾਫ਼ ਦਾ ਭਰੋਸਾ ਦੇਣ ਤੋਂ ਮਗਰੋਂ ਆਵਾਜਾਈ ਨੂੰ ਬਹਾਲ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਖਜ਼ਾਨਚੀ ਭੋਲਾ ਸਿੰਘ ਮਾਖਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪਿੰਡ ਮੌਜ਼ੋ ਖੁਰਦ ਦੇ ਕਿਸਾਨ ਬਹਾਦਰ ਸਿੰਘ ਦੇ ਖੇਤਾਂ ਨਾਲ ਪੰਜਾਬ ਸਰਕਾਰ ਦੇ ਇੱਕ ਉਚ ਅਧਿਕਾਰੀ ਦੀ ਜ਼ਮੀਨ ਲੱਗਦੀ ਹੈ, ਜਿਸ ਉਪਰ ਖੇਤੀ ਕਰਨ ਵਾਲੇ, ਪੀੜਤ ਕਿਸਾਨ ਨੂੰ ਨਹਿਰੀ ਪਾਣੀ ਨੱਕੇ ’ਤੇ ਨਹੀਂ ਦਿੰਦੇ ਹਨ ਅਤੇ ਬੇਲੋੜੀਆਂ ਪ੍ਰੇਸ਼ਾਨੀਆਂ ਪੈਦਾ ਕਰਕੇ ਜ਼ਲੀਲ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਦੀ ਪ੍ਰੇਸ਼ਾਨੀ ਦੂਰ ਕਰਨ ਲਈ ਜਥੇਬੰਦੀ ਨੇ ਥਾਣਾ ਭੀਖੀ ਵਿਖੇ ਅਰਜੋਈ ਕੀਤੀ ਪਰ ਪੁਲੀਸ ਵੱਲੋਂ ਉਲਟਾ ਕਿਸਾਨ ਬਹਾਦਰ ਸਿੰਘ ਦੀਆਂ ਜ਼ਮਾਨਤਾਂ ਕਰਵਾ ਦਿੱਤੀਆਂ। ਉਨ੍ਹਾਂ ਕਿਹਾ ਕਿ ਜਦੋਂ ਬਹਾਦਰ ਸਿੰਘ ਨੂੰ ਲਗਾਤਾਰ ਜਲੀਲ ਕਰਨਾ ਜਾਰੀ ਰੱਖਿਆ ਤਾਂ ਜਥੇਬੰਦੀ ਨੇ ਅੱਕਕੇ ਅੱਜ ਥਾਣਾ ਭੀਖੀ ਸਾਹਮਣੇ ਧਰਨਾ ਲਾਇਆ ਗਿਆ। ਡੀਐਸਪੀ ਗੁਰਪ੍ਰੀਤ ਸਿੰਘ ਬੈਂਸ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਨੋਟਿਸ ਅੱਜ ਹੀ ਆਇਆ ਹੈ, ਜਿਸਦਾ ਦੋ ਦਿਨਾਂ ਵਿੱਚ ਪੀੜਤ ਕਿਸਾਨ ਬਹਾਦਰ ਸਿੰਘ ਨੂੰ ਇਨਸਾਫ਼ ਦਿਵਾਇਆ ਜਾਵੇਗਾ ਅਤੇ ਕਸੂਰਵਾਰਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।