ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ
ਥਾਣਾ ਸਿਟੀ ਮੁਕਤਸਰ ਦੇ ਪੁਲੀਸ ਕਰਮਚਾਰੀ ਵੱਲੋਂ ਥਾਣੇ ਅੰਦਰ ਰਾਤ ਸਮੇਂ ਸੀਨੀਅਰ ਪੱਤਰਕਾਰ ਤੇ ਉਸ ਦੇ ਭਰਾ ਨਾਲ ਕਥਿਤ ਬਦਸਲੂਕੀ ਕਰਨ ਖ਼ਿਲਾਫ਼ ਪੱਤਰਕਾਰਾਂ ਨੇ ਥਾਣਾ ਸਿਟੀ ਮੂਹਰੇ ਮੁਜ਼ਾਹਰਾ ਕੀਤਾ। ਇਸ ਦੌਰਾਨ ਐੱਸਪੀ (ਐੱਚ) ਕੰਵਲਪ੍ਰੀਤ ਸਿੰਘ ਚਹਿਲ ਨੇ ਧਰਨੇ ਵਿੱਚ ਆ ਕੇ ਪੁਲੀਸ ਕਰਮਚਾਰੀ ਦੀ ਕਾਰਵਾਈ ’ਤੇ ਅਫਸੋਸ ਜ਼ਾਹਿਰ ਕਰਦਿਆਂ ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੱਤਰਕਾਰ ਸਮਾਜ ਦਾ ਅਹਿਮ ਅੰਗ ਹਨ, ਜਿਨ੍ਹਾਂ ਦਾ ਸਨਮਾਨ ਕਰਨਾ ਪੁਲੀਸ ਦਾ ਫਰਜ਼ ਹੈ। ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰੈੱਸ ਕਲੱਬ ਦੇ ਪ੍ਰਧਾਨ ਦੀਪਕ ਪਾਲ ਸ਼ਰਮਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਚੜ੍ਹੇਵਾਣ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਕੱਪੜਾ ਐਸੋਸੀਏਸ਼ਨ ਦੇ ਆਗੂ ਕਸ਼ਮੀਰ ਸਿੰਘ, ਸੀਨੀਅਰ ਪੱਤਰਕਾਰ ਰਣਜੀਤ ਸਿੰਘ ਢਿੱਲੋਂ, ਸੁਖਪਾਲ ਸਿੰਘ ਢਿੱਲੋਂ, ਕੁਲਦੀਪ ਸਿੰਘ ਰਿਣੀ ਅਤੇ ਸਮਾਜ ਸੇਵੀ ਅਸ਼ੋਕ ਚੁੱਘ ਨੇ ਦੱਸਿਆ ਕਿ ਸੀਨੀਅਰ ਪੱਤਰਕਾਰ ਤੇ ਉਸ ਦੇ ਭਰਾ ਨੂੰ ਥਾਣਾ ਸਿਟੀ ਦੇ ਕੰਪਿਊਟਰ ਅਪਰੇਟਰ ਨੇ ਰਾਤ ਸਮੇਂ ਕਥਿਤ ਤੌਰ ’ਤੇ ਬੁਰਾ ਭਲਾ ਕਿਹਾ, ਉਨ੍ਹਾਂ ’ਤੇ ਹਮਲਾ ਕੀਤਾ ਅਤੇ ਉਸ ਦੇ ਪੁੱਤਰ ਦੀ ਕਥਿਤ ਕੁੱਟਮਾਰ ਕੀਤੀ, ਜਦੋਂ ਪੁਲੀਸ ਅਧਿਕਾਰੀਆਂ ਨੇ ਮੁਲਾਜ਼ਮ ਤੋਂ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਘਰੇਲੂ ਪ੍ਰੇਸ਼ਾਨੀ ਕਾਰਨ ਉਹ ਅਜਿਹਾ ਕਰ ਬੈਠਾ। ਪੱਤਰਕਾਰਾਂ ਵੱਲੋਂ ਤਿੰਨ ਦਿਨਾਂ ਤੋਂ ਕੀਤੀ ਜਾ ਰਹੀ ਮੰਗ ਅਤੇ ਧਰਨੇ ਉਪਰੰਤ ਪੁਲੀਸ ਨੇ ਘਟਨਾ ਲਈ ਜ਼ਿੰਮੇਵਾਰ ਪੁਲੀਸ ਕਰਮਚਾਰੀ ਨੂੰ ਮੁਅੱਤਲ ਕਰ ਦਿੱਤਾ। ਇਸ ’ਤੇ ਪੱਤਰਕਾਰ ਭਾਈਚਾਰੇ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਧਰਨਾ ਸਮਾਪਤ ਕਰ ਦਿੱਤਾ।