ਭਗਵਾਨ ਦਾਸ ਗਰਗ
ਨਥਾਣਾ, 18 ਸਤੰਬਰ
ਗੰਦੇ ਪਾਣੀ ਦੀ ਨਿਕਾਸੀ ਲਈ ਨਥਾਣਾ ਵਿਚ ਚੱਲ ਰਹੇ ਪੱਕੇ ਮੋਰਚੇ ਦੇ ਛੇਵੇਂ ਦਿਨ ਧਰਨਾਕਾਰੀਆਂ ਵੱਲੋਂ ਨਗਰ ਪੰਚਾਇਤ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਘੰਟਿਆਂਬੱਧੀ ਬੰਦੀ ਬਣਾਇਆ ਗਿਆ। ਦੇਰ ਸ਼ਾਮ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਨੇ ਧਰਨਾਕਾਰੀ ਆਗੂਆਂ ਨਾਲ ਮੀਟਿੰਗ ਕਰਕੇ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਬੰਦੀ ਬਣਾਏ ਗਏ ਮੁਲਾਜ਼ਮਾਂ ਦੀ ਰਿਹਾਈ ਹੋਈ। ਨਾਇਬ ਤਹਿਸੀਲਦਾਰ ਨੇ ਸਟੇਜ ’ਤੇ ਆ ਕੇ ਭਰੋਸਾ ਦਿਵਾਇਆ ਕਿ ਵੀਰਵਾਰ ਦੁਪਹਿਰ ਤੱਕ ਇਸ ਮਸਲੇ ਦੇ ਪੱਕੇ ਹੱਲ ਵਾਸਤੇ ਸਮਰੱਥ ਅਧਿਕਾਰੀਆਂ ਦੀ ਮੀਟਿੰਗ ਕਰਵਾਈ ਜਾਵੇਗੀ। ਇਸ ਮੀਟਿੰਗ ਵਿੱਚ ਨਾਇਬ ਤਹਿਸੀਦਾਰ ਖੁਦ, ਕਾਰਜਸਾਧਕ ਅਫਸਰ, ਸੀਵਰੇਜ ਬੋਰਡ ਦੇ ਅਧਿਕਾਰੀ ਅਤੇ ਧਰਨਾਕਾਰੀਆਂ ਦੇ ਆਗੂ ਸ਼ਾਮਲ ਹੋਣਗੇ। ਇਸ ਮੀਟਿੰਗ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ। ਧਰਨਕਾਰੀਆਂ ਵਿੱਚ ਰੋਸ ਸੀ ਕਿ ਪੱਕੇ ਮੋਰਚੇ ਦੇ ਛੇਵੇਂ ਦਿਨ ਤੱਕ ਵੀ ਕੋਈ ਅਧਿਕਾਰੀ ਉਨ੍ਹਾਂ ਦੀ ਸਮੱਸਿਆ ਸਬੰਧੀ ਸਾਰ ਲੈਣ ਨਹੀਂ ਪੁੱਜਿਆ ਜਿਸ ਦੇ ਰੋਹ ਵਜੋਂ ਧਰਨਾਕਾਰੀਆਂ ਨੇ ਨਗਰ ਪੰਚਾਇਤ ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਦੇ ਏਕੇ ਨਾਲ ਹੀ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਕੇਦਰ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਅਸਲੀ ਮੁੱਦਿਆਂ ਤੋ ਭਟਕਾ ਕੇ ਸਿਆਸੀ ਲਾਭ ਲੈਣ ਦਾ ਯਤਨ ਰਹੇ ਹਨ। ਉਨ੍ਹਾਂ ਖੇਤੀ ਨੀਤੀ ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਕਿਸਾਨ ਆਗੂਆਂ ਰਾਮਰਤਨ ਸਿੰਘ, ਲਖਵੀਰ ਸਿੰਘ, ਬਹਾਦਰ ਸਿੰਘ, ਮਜਦੂਰ ਸਭਾ ਦੇ ਪ੍ਰਕਾਸ਼ ਸਿੰਘ ਅਤੇ ਮਹਿਲਾ ਆਗੂ ਕਮਲਜੀਤ ਕੌਰ ਨੇ ਕਿਹਾ ਕਿ ਪਿੰਡ ਵਾਸੀ ਧਰਨਾਕਾਰੀ ਸਮੱਸਿਆ ਦੇ ਪੱਕੇ ਹੱਲ ਲਈ ਆਰ ਪਾਰ ਦੀ ਲੜਾਈ ਦੇ ਮੂੜ ਵਿੱਚ ਹਨ।ਇਥੇ ਦੱਸਣਯੋਗ ਹੈ ਕਿ ਧਰਨਾ ਚੱਲਣ ਦੇ ਸਮੇ ਤੋ ਲੈ ਕੇ ਕਾਰਜ ਸਾਧਕ ਅਫ਼ਸਰ ਤਰੁਣ ਕੁਮਾਰ ਆਪਣੇ ਦਫਤਰ ਨਹੀਂ ਆਏ। ਅੱਜ ਸੰਪਰਕ ਕਰਨ ’ਤੇ ਉਨ੍ਹਾਂ ਗਿੱਦੜਬਾਹਾ ਹਲਕੇ ’ਚ ਚੋਣ ਡਿਊਟੀ ਲੱਗੀ ਹੋਣ ਦੀ ਦਲੀਲ ਦੇ ਕੇ ਪੱਲਾ ਝਾੜ ਲਿਆ।