ਰਾਹੁਲ ਗਾਂਧੀ ਨੂੰ ਅਤਿਵਾਦੀ ਕਹਿਣ ਦਾ ਵਿਰੋਧ
ਸ਼ਗਨ ਕਟਾਰੀਆ
ਬਠਿੰਡਾ, 18 ਸਤੰਬਰ
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ‘ਇੱਕ ਨੰਬਰ ਦਾ ਅਤਿਵਾਦੀ’ ਕਹਿਣ ਖ਼ਿਲਾਫ਼ ਕਾਂਗਰਸੀਆਂ ਨੇ ਅੱਜ ਸੜਕਾਂ ’ਤੇ ਆ ਕੇ ਰੋਸ ਵਿਖਾਵੇ ਕੀਤੇ। ਅੱਜ ਬਠਿੰਡਾ ਵਿੱਚ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਵਨੀਤ ਬਿੱਟੂ ਦੇ ਪੁਤਲੇ ਫੂਕੇ ਗਏ। ਵਿਖਾਵਾਕਾਰੀਆਂ ਨੇ ਰਵਨੀਤ ਬਿੱਟੂ ਨੂੰ ਕੇਂਦਰੀ ਵਜ਼ਾਰਤ ’ਚੋਂ ਬਰਖਾਸਤ ਕਰਨ ਅਤੇ ਰਾਹੁਲ ਗਾਂਧੀ ਦਾ ਨਿਰਾਦਰ ਕਰਨ ਅਤੇ ਉਨ੍ਹਾਂ ਦੇ ਸ਼ੁਭਚਿੰਤਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਦਲੇ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ। ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਸ਼ਹਿਰੀ) ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਅਗਵਾਈ ਵਿੱਚ ਇੱਥੇ ਫਾਇਰ ਬ੍ਰਿਗੇਡ ਚੌਕ ਵਿੱਚ ਹੋਏ ਪ੍ਰਦਰਸ਼ਨ ਮੌਕੇ ਸ੍ਰੀ ਗਰਗ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਬਲਰਾਜ ਸਿੰਘ ਪੱਕਾ ਨੇ ਕਿਹਾ ਕਿ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਲੀਡਰ ਵਜੋਂ ਸੰਵਿਧਾਨਿਕ ਅਹੁਦੇ ’ਤੇ ਹਨ ਪਰ ਉਨ੍ਹਾਂ ਨੇ ਜੋ ਘਟੀਆ ਬਿਆਨਬਾਜ਼ੀ ਕੀਤੀ ਹੈ, ਉਹ ਕਾਂਗਰਸੀ ਵਰਕਰਾਂ ਲਈ ਨਾ-ਬਰਦਾਸ਼ਤਯੋਗ ਹੈ। ਨਗਰ ਨਿਗਮ ਬਠਿੰਡਾ ਦੇ ਸੀਨੀਅਰ ਕਾਰਜਕਾਰੀ ਡਿਪਟੀ ਮੇਅਰ ਅਸ਼ੋਕ ਕੁਮਾਰ, ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਕੇਕੇ ਅਗਰਵਾਲ ਨੇ ਕਿਹਾ ਕਿ ਹਾਰੇ ਹੋਏ ਰਵਨੀਤ ਬਿੱਟੂ ਨੂੰ ਭਾਜਪਾ ਨੇ ਸਿਰ ’ਤੇ ਬਿਠਾਇਆ ਹੋਇਆ ਹੈ। ਉਨ੍ਹਾਂ ਆਖਿਆ ਕਿ ਜੇਕਰ ਬਿੱਟੂ ਨੇ ਆਪਣੀ ਜ਼ੁਬਾਨ ਨੂੰ ਲਗਾਮ ਨਾ ਲਾਈ, ਤਾਂ ਕਾਂਗਰਸ ਉਸ ਨੂੰ ਪੰਜਾਬ ’ਚ ਨਹੀਂ ਵੜਨ ਦੇਵੇਗੀ। ਕਾਂਗਰਸੀ ਆਗੂ ਪਵਨ ਮਾਨੀ, ਬਲਜਿੰਦਰ ਸਿੰਘ ਠੇਕੇਦਾਰ ਅਤੇ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਨੇ ਜ਼ੋਰ ਦੇ ਕੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਉਸ ਖ਼ਿਲਾਫ਼ ਐਫਆਈਆਰ ਦਰਜ ਕਰਕੇ ਵਜ਼ਾਰਤ ’ਚੋਂ ਨਿਕਾਲਾ ਦਿੱਤਾ ਜਾਵੇ। ਇਸ ਮੌਕੇ ਮਲਕੀਤ ਸਿੰਘ ਐਮਸੀ, ਸਾਧੂ ਸਿੰਘ ਐਮਸੀ, ਰਾਜ ਮਹਿਰਾ ਐਮਸੀ, ਬਲਵੰਤ ਰਾਏ ਨਾਥ ਸਾਬਕਾ ਮੇਅਰ, ਕਿਰਨਜੀਤ ਸਿੰਘ ਗਹਿਰੀ, ਸੰਜੀਵ ਬੌਬੀ, ਬਲਜੀਤ ਸਿੰਘ, ਮਹਿੰਦਰ ਭੋਲਾ, ਪ੍ਰੀਤ ਸ਼ਰਮਾ, ਆਸ਼ੀਸ਼ ਕਪੂਰ, ਦੁਪਿੰਦਰ ਮਿਸ਼ਰਾ, ਹਰਮਨ ਕੋਟਫੱਤਾ, ਕਮਲਜੀਤ ਸਿੰਘ ਭੰਗੂ, ਨੱਥੂ ਰਾਮ, ਹਰਵਿੰਦਰ ਸਿੱਧੂ, ਮਾਸਟਰ ਪ੍ਰਕਾਸ਼ ਚੰਦ, ਨਵੀ ਸਿੱਧੂ, ਜਗਦੀਸ਼ ਖੁਰਾਣਾ, ਸਾਜਨ ਸ਼ਰਮਾ, ਮਾਧੋ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਹਾਜ਼ਰ ਸਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ ਅਤਿਵਾਦੀ ਕਹਿਣ ਖਿਲਾਫ਼ ਅੱਜ ਮਾਨਸਾ ਦੀਆਂ ਜ਼ਿਲ੍ਹਾ ਕਚਹਿਰੀਆਂ ਸਾਹਮਣੇ ਜ਼ਿਲ੍ਹਾ ਕਾਂਗਰਸ ਵੱਲੋਂ ਰਵਨੀਤ ਬਿੱਟੂ ਦਾ ਪੁਤਲਾ ਫੂਕਿਆ ਗਿਆ। ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਨੂੰ ਫ਼ੋਕੀ ਸ਼ੋਹਰਤ ਲਈ ਭਾਜਪਾ ਆਗੂਆਂ ਨੂੰ ਖੁਸ਼ ਕਰਨ ਅਤੇ ਆਪਣੀ ਵਜ਼ੀਰੀ ਨੂੰ ਕਾਇਮ ਰੱਖਣ ਲਈ ਆਪਣਾ ਮਾਨਸਿਕ ਸੰਤੁਲਨ ਠੀਕ ਰੱਖਣਾ ਚਾਹੀਦਾ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਕਿਹਾ ਕਿ ਭਾਜਪਾ ਨੂੰ ਖੁਸ਼ ਕਰਨ ਲਈ ਰਵਨੀਤ ਬਿੱਟੂ ਰਾਜਨੀਤੀ ਵਿੱਚ ਆਪਣਾ ਵਜੂਦ ਭੁੱਲਕੇ ਅਜਿਹੀਆਂ ਗੱਲਾਂ ਕਰਨ ਲੱਗਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਵਿੱਕੀ, ਪਵਨ ਕੁਮਾਰ, ਸਤੀਸ਼ ਮਹਿਤਾ, ਅੰਮ੍ਰਿਤਪਾਲ ਸਿੰਘ ਗੋਗਾ, ਸੰਦੀਪ ਸ਼ਰਮਾ ਮੌਜੂਦ ਸਨ।