ਪੱਤਰ ਪ੍ਰੇਰਕ
ਹੁਸ਼ਿਆਰਪੁਰ, 18 ਸਤੰਬਰ
ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਢੱਟ ਦੀ ਅਗਵਾਈ ਹੇਠ ਵਫ਼ਦ ਨੇ ਮੁੱਖ ਖੇਤੀਬਾੜੀ ਅਫ਼ਸਰ ਤੇ ਕੇਂਦਰੀ ਸਹਿਕਾਰੀ ਬੈਂਕ ਦੇ ਚੇਅਰਮੈਨ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਨੇ ਉਸ ਪੱਤਰ ਦਾ ਵਿਰੋਧ ਕੀਤਾ ਜਿਸ ਵਿਚ ਸਹਿਕਾਰੀ ਖੇਤੀਬਾੜੀ ਸਭਾਵਾਂ ਨੂੰ ਡੀਏਪੀ ਖਾਦ ਦੀ ਵਿਕਰੀ ਖੇਤੀਬਾੜੀ ਅਧਿਕਾਰੀਆਂ ਦੀ ਹਾਜ਼ਰੀ ਵਿਚ ਹੀ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸਭਾਵਾਂ ਮੈਂਬਰਾਂ ਦਾ ਸਮੂਹ ਹੈ ਅਤੇ ਇਹ ਆਪਣੇ ਤੌਰ ’ਤੇ ਖਾਦ ਦੀ ਖਰੀਦ ਕਰਦੀਆਂ ਹਨ ਅਤੇ ਸਿਰਫ਼ ਆਪਣੇ ਹੀ ਮੈਂਬਰਾਂ ਨੂੰ ਖਾਦ ਵੰਡਦੀਆਂ ਹਨ ਨਾ ਕਿ ਸੇਲ ਕਰਦੀਆਂ ਹਨ। ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ ਹੁਸ਼ਿਆਰਪੁਰ ਤੇ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਵਿਕਰਮ ਸ਼ਰਮਾ ਅਤੇ ਡਾਇਰੈਕਟਰ ਪਰਮਿੰਦਰ ਸਿੰਘ ਪੰਨੂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਹ ਮਾਮਲਾ ਸਹਿਕਾਰਤਾ ਵਿਭਾਗ ਦੇ ਉਚ ਅਧਿਕਾਰੀਆਂ ਦੇ ਧਿਆਨ ਹੇਠ ਲਿਆ ਕੇ ਪੱਤਰ ਨੂੰ ਰੱਦ ਕਰਵਾਇਆ ਜਾਵੇਗਾ। ਇਸ ਮੌਕੇ ਦਿਲਬਾਗ ਸਿੰਘ, ਰਾਜਾ ਸਿੰਘ ਭਾਣੋਵਾਲ, ਕੰਵਲਜੀਤ ਸਿੰਘ, ਲਖਵੀਰ ਸਿੰਘ, ਹਰਜੀਤ ਸਿੰਘ, ਬਲਕਾਰ ਸਿੰਘ, ਸੁਰੇਸ਼ ਕੁਮਾਰ, ਜਸਪਾਲ ਸਿੰਘ ਆਦਿ ਮੌਜੂਦ ਸਨ।