ਪੱਤਰ ਪ੍ਰੇਰਕ
ਫਰੀਦਾਬਾਦ, 18 ਸਤੰਬਰ
ਬੀਤੀ ਸ਼ਾਮ ਭਾਜਪਾ ਦੇ ਚੋਣ ਪ੍ਰਚਾਰ ਨੂੰ ਤੇਜ਼ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੈਕਟਰ 12 ਵਿੱਚ ਹੋਈ ਰੈਲੀ ਨੂੰ ਭਾਵੇਂ ਰਲਿਆ ਮਿਲਿਆ ਹੁੰਗਾਰਾ ਮਿਲਿਆ ਪਰ ਭਾਜਪਾ ਵਰਕਰਾਂ ਵਿੱਚ ਉਹ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ ਜੋ ਆਮ ਕਰਕੇ ਭਾਜਪਾ ਦੀ ਕੌਮੀ ਲੀਡਰਸ਼ਿਪ ਦੀ ਬੀਤੇ ਸਮੇਂ ਵਿੱਚ ਹੋਈਆਂ ਰੈਲੀਆਂ ਵਿੱਚ ਦੇਖਣ ਨੂੰ ਮਿਲਿਆ ਸੀ। ਰੈਲੀ ਦੌਰਾਨ ਅਮਿਤ ਸ਼ਾਹ ਵੱਲੋਂ ਵਰਕਰਾਂ ਨੂੰ ਜ਼ੋਰ ਦੇ ਕੇ ਭਾਰਤ ਮਾਤਾ ਦੇ ਨਾਅਰੇ ਲਗਵਾਉਣੇ ਪਏ। ਜ਼ਿਲ੍ਹੇ ਦੇ ਪੁਰਾਣਾ ਫਰੀਦਾਬਾਦ ਤੋਂ ਉਮੀਦਵਾਰ ਵਿਪਲ ਗੋਇਲ ਅਤੇ ਤਿਗਾਂਵ ਤੋਂ ਉਮੀਦਵਾਰ ਦੇ ਸਮਰਥਕਾਂ ਦਾ ਹੀ ਜ਼ਿਆਦਾ ਇਕੱਠ ਸੀ। ਬੱਲਭਗੜ੍ਹ ਤੋਂ ਭਾਜਪਾ ਉਮੀਦਵਾਰ ਮੂਲ ਚੰਦ ਸ਼ਰਮਾ ਵੀ ਆਪਣੇ ਸਮਰਥਕ ਇਕੱਠੇ ਕਰਨ ਵਿੱਚ ਸਫਲ ਰਹੇ ਪਰ ਐੱਨਆਈਟੀ ਫਰੀਦਾਬਾਦ ਤੋਂ ਉਮੀਦਵਾਰ ਧਨੇਸ਼ ਅਦਲੱਖਾ, ਤਿਗਾਂਵ ਤੋਂ ਰਾਜੇਸ਼ ਨਾਗਰ ਤੇ ਸਤੀਸ਼ ਫਾਗਨਾ ਦੇ ਸਮਰਥਕ ਬਹੁਤੇ ਨਹੀਂ ਰੜਕੇ। ਇਸ ਵਾਰ ਵੱਖ-ਵੱਖ ਉਮੀਦਵਾਰਾਂ ਦੇ ਦਫਤਰਾਂ ਵਿੱਚ ਵੀ ਨਾ ਤਾਂ ਬਹੁਤੀ ਭੀੜ ਹੁੰਦੀ ਹੈ ਤੇ ਨਾ ਹੀ ਵਰਕਰਾਂ ਵਿੱਚ ਉਹ ਉਤਸ਼ਾਹ ਹੈ। ਕਈ ਵਰਕਰ ਦੱਸਦੇ ਹਨ ਕਿ ਟਿਕਟਾਂ ਨੂੰ ਲੈ ਕੇ ਕੇਡਰ ਵਿੱਚ ਨਰਾਜ਼ਗੀ ਹੈ। ਅਮਿਤ ਸ਼ਾਹ ਵੱਲੋਂ ਫਰੀਦਾਬਾਦ ਵਿੱਚ ਹਰਿਆਣਾ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ ਗਿਆ ਅਤੇ ਹਿੰਦੂ ਪੱਤਾ ਖੇਡਦੇ ਹੋਏ ਧਾਰਾ 370 ਅਤੇ ਰਾਮ ਮੰਦਰ ਦਾ ਉਚੇਚਾ ਜ਼ਿਕਰ ਕੀਤਾ ਗਿਆ। ਹਾਲਾਂਕਿ ਉਨ੍ਹਾਂ ਕਾਂਗਰਸ ਨੂੰ ਵੀ ਰਗੜੇ ਲਾਏ ਪਰ ਕੋਈ ਨਵਾਂ ਐਲਾਨ ਨਹੀਂ ਕੀਤਾ ਗਿਆ। ਰੈਲੀ ਤੋਂ ਪਹਿਲਾਂ ਫਰੀਦਾਬਾਦ ਵਿੱਚ ਕੀਤੀ ਗਈ ਸਖ਼ਤ ਸੁਰੱਖਿਆ ਨਾਲ ਸ਼ਹਿਰ ਵਾਸੀ ਕਾਫ਼ੀ ਪ੍ਰੇਸ਼ਾਨ ਹੋਏ। ਜ਼ਿਕਰਯੋਗ ਹੈ ਕਿ ਪੁਰਾਣਾ ਫਰੀਦਾਬਾਦ ਅੰਡਰਪਾਸ ਹੇਠ ਬੀਤੇ ਦਿਨੀਂ ਦੋ ਵਿਅਕਤੀਆਂ ਦੀ 10 ਫੁੱਟ ਪਾਣੀ ਵਿੱਚ ਡੁੱਬਣ ਕਾਰਨ ਹੋਈ ਮੌਤ ਮਗਰੋਂ ਪ੍ਰਸ਼ਾਸਨ ਨੇ ਉੱਥੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ ਜਿਸ ਕਰਕੇ ਉਹ ਅੰਡਰਪਾਸ ਆਵਾਜਾਈ ਲਈ ਬੰਦ ਕੀਤਾ ਗਿਆ ਸੀ। ਇਸ ਦੇ ਫਲਸਰੂਪ ਬਾਟਾ, ਨੀਲਮ ਅਤੇ ਸੈਕਟਰ 21 ਦੇ ਫਲਾਈ ਓਵਰਾਂ ਉੱਪਰ ਆਵਾਜਾਈ ਦਾ ਦਬਾਅ ਵਧ ਗਿਆ ਸੀ। ਇਸ ਵਾਰ ਭਾਜਪਾ ਉਮੀਦਵਾਰਾਂ ਨੂੰ ਫਰੀਦਾਬਾਦ ਦੇ ਪੇਂਡੂ ਖੇਤਰਾਂ ਵਿੱਚ ਚੁਣੌਤੀ ਮਿਲ ਰਹੀ ਹੈ। ਬੜਖਲ ਦੇ ਕੁਝ ਪਿੰਡਾਂ ਅਤੇ ਅਤੇ ਬੱਲਭਗੜ੍ਹ ਤੇ ਖਾਦਰ ਦੇ ਇਲਾਕਿਆਂ ਵਿੱਚ ਭਾਜਪਾ ਦੀਆਂ ਨੁੱਕੜ ਸਭਾਵਾਂ ਵਿੱਚ ਘੱਟ ਭੀੜ ਦੇਖੀ ਜਾ ਰਹੀ ਹੈ। ਅਜਿਹੇ ਹੀ ਹਾਲਾਤ ਪਲਵਲ ਜ਼ਿਲ੍ਹੇ ਦੀਆਂ ਤਿੰਨਾਂ ਸੀਟਾਂ ਉੱਪਰ ਦੇਖਣ ਨੂੰ ਮਿਲ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜੋ ਥੋੜ੍ਹੀ ਬਹੁਤ ਪਛਾਣ ਹੈ ਉਹ ਸ਼ਹਿਰੀ ਖੇਤਰਾਂ ਵਿੱਚ ਹੀ ਹੈ ਜਿਸ ਦਾ ਡਰ ਵੀ ਭਾਜਪਾ ਨੂੰ ਸਤਾ ਰਿਹਾ ਹੈ।