ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ 19 ਸਤੰਬਰ
ਨੰਗਲ ਰੋਡ ’ਤੇ ਖਣਨ ਸਮੱਗਰੀ ਨਾਲ ਓਵਰਲੋਡਡ ਟਿੱਪਰ ਨੇ ਲੰਘੀ ਰਾਤ ਸਾਈਕਲ ਸਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਗੜੀ ਮਟੋਂ ਦੇ ਬਹਾਦਰ ਸਿੰਘ ਵਜੋਂ ਹੋਈ। ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਲੰਘੀ ਰਾਤ ਹੀ ਵਾਇਰਲ ਹੋ ਗਈ। ਹਾਦਸੇ ਦਾ ਪਤਾ ਲੱਗਦਿਆਂ ਹੀ ਸਥਾਨਕ ਸ਼ਹਿਰ ਵਾਸੀ ਐਡਵੋਕੇਟ ਪੰਕਜ ਕਿਰਪਾਲ ਦੀ ਅਗਵਾਈ ਹੇਠ ਸਥਾਨਕ ਨੰਗਲ ਰੋਡ ’ਤੇ ਲੰਘੀ ਰਾਤ ਇਕੱਠੇ ਹੋ ਗਏ ਅਤੇ ਉਨ੍ਹਾਂ ਹਾਦਸਾਗ੍ਰਸਤ ਨੌਜਵਾਨ ਨੂੰ ਸਿਵਲ ਹਸਪਤਾਲ ਪੁਜਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਟਿੱਪਰਾਂ ਨਾਲ ਹੋ ਰਹੇ ਸੜਕੀ ਹਾਦਸਿਆਂ ਪ੍ਰਤੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਰੋਸ ਦਾ ਪ੍ਰਗਟਾਵਾ ਕੀਤਾ।
ਇਸ ਸਬੰਧੀ ਅੱਜ ਐਡਵੋਕੇਟ ਪੰਕਜ ਕਿਰਪਾਲ, ਕਾਮਰੇਡ ਦਰਸ਼ਨ ਸਿੰਘ ਮੱਟੂ, ਕਾਮਰੇਡ ਗੁਰਨੇਕ ਸਿੰਘ ਭੱਜਲ ਅਤੇ ਕਾਮਰੇਡ ਅੱਛਰ ਬਿਲੜੋਂ ਦੀ ਅਗਵਾਈ ਹੇਠ ਵਫਦ ਡੀਐੱਸਪੀ ਪਰਮਿੰਦਰ ਸਿੰਘ ਨੂੰ ਮਿਲਿਆ। ਇਸ ਮੌਕੇ ਵਫਦ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਸ਼ਹਿਰ ਵਿੱਚੋਂ ਲੰਘਦੇ ਓਵਰਲੋਡਡ ਟਿੱਪਰਾਂ ਨਾਲ ਹੁਣ ਤੱਕ ਲਗਭਗ 20 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਪਰ ਪੁਲੀਸ ਪ੍ਰਸ਼ਾਸਨ ਇਸ ਪਾਸੇ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸ਼ਹਿਰ ਵਿੱਚ ਦਾਖਲ ਹੁੰਦੇ ਇਨ੍ਹਾਂ ਟਿੱਪਰ ਚਾਲਕਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਨੰਗਲ ਰੋਡ ’ਤੇ ਪ੍ਰਸ਼ਾਸਨ ਖਿਲਾਫ ਪੱਕਾ ਮੋਰਚਾ ਲਗਾਉਣਗੇ ਅਤੇ ਕੋਈ ਵੀ ਭਾਰੀ ਵਾਹਨ ਸ਼ਹਿਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਟਿੱਪਰ ਚਾਲਕ ਤੇ ਮਾਲਕ ਵਿਰੁੱਧ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ।
ਇਸ ਮੌਕੇ ਡੀਐੱਸਪੀ ਪਰਮਿੰਦਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਦੀ ਫੁਟੇਜ ਦੇ ਆਧਾਰ ’ਤੇ ਪੁਲੀਸ ਨੇ ਦੋ ਟਿੱਪਰ ਕਬਜ਼ੇ ਵਿੱਚ ਲੈ ਲਏ ਹਨ ਅਤੇ ਟਿੱਪਰ ਚਾਲਕ ਵੀ ਗ੍ਰਿਫਤਾਰ ਕਰ ਲਿਆ ਹੈ। ਉਨਾਂ ਵਫਦ ਨੂੰ ਭਰੋਸਾ ਦਿੱਤਾ ਕਿ ਇਸ ਹਾਦਸੇ ਵਿੱਚ ਜ਼ਿੰਮੇਵਾਰ ਟਿੱਪਰ ਚਾਲਕ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕਾਰ ਦਰੱਖ਼ਤ ਨਾਲ ਟਕਰਾਈ; ਨੌਜਵਾਨ ਨੇ ਮੌਕੇ ’ਤੇ ਦਮ ਤੋੜਿਆ
ਦਸੂਹਾ (ਭਗਵਾਨ ਦਾਸ ਸੰਦਲ): ਕਸਬਾ ਘੋਗਰਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਕਾਰ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਇਕ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਅਜੇ ਕੁਮਾਰ (23) ਪੁੱਤਰ ਸੁਰਿੰਦਰ ਸਿੰਘ ਵਾਸੀ ਚੰਬਾ ਵਜੋਂ ਹੋਈ ਹੈ ਜਦੋਂਕਿ ਜ਼ਖਮੀ ਸਾਹਿਲ ਕੁਮਾਰ (22) ਪੁੱਤਰ ਪਰਮਜੀਤ ਸਿੰਘ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਅਜੇ ਕੁਮਾਰ ਤੇ ਸਾਹਿਲ ਕੁਮਾਰ ਆਪਣੀ ਵਰਨਾ ਕਾਰ ’ਤੇ ਚੰਬਾ (ਹਿਮਾਚਲ ਪ੍ਰਦੇਸ਼) ਤੋਂ ਡੇਰਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਜਾ ਰਹੇ ਸਨ। ਇਸ ਦੌਰਾਨ ਕਸਬਾ ਘੋਗਰਾ ਦੇ ਏਸਰ ਪੈਟਰੋਲ ਪੰਪ ਨੇੜੇ ਸੰਤੁਲਨ ਵਿਗੜਣ ਕਾਰਨ ਉਨ੍ਹਾਂ ਦੀ ਕਾਰ ਸੜਕ ਕੰਢੇ ਇਕ ਦਰਖਤ ਨਾਲ ਟਕਰਾ ਗਈ। ਸਿੱਟੇ ਵਜੋਂ ਕਾਰ ਚਲਾ ਰਹੇ ਅਜੇ ਕੁਮਾਰ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ ਜਦੋਂਕਿ ਸਾਹਿਲ ਕੁਮਾਰ ਗੰਭੀਰ ਜ਼ਖਮੀ ਹੋ ਗਿਆ। ਨੇੜਲੇ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਬੁਰੀ ਤਰਾਂ ਨੁਕਸਾਨੀ ਕਾਰ ਵਿੱਚੋਂ ਨੋਜਵਾਨਾਂ ਨੂੰ ਭਾਰੀ ਮੁਸ਼ਕੱਤ ਮਗਰੋਂ ਬਾਹਰ ਕੱਢਿਆ।