ਪੱਤਰ ਪ੍ਰੇਰਕ
ਜਲੰਧਰ, 19 ਸਤੰਬਰ
ਪੰਜਾਬ ਗੌਰਮਿੰਟ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੰਘਰਸ਼ ਦੇ ਐਲਾਨ ਮੁਤਾਬਿਕ ਜਲੰਧਰ ਜ਼ਿਲ੍ਹੇ ਦੇ ਪੈਨਸ਼ਨਰਾਂ ਨੇ ਡੀਸੀ ਦਫ਼ਤਰ ਜਲੰਧਰ ਦੇ ਸਾਹਮਣੇ ਪੁੱਡਾ ਗਰਾਊਂਡ ਵਿੱਚ ਆਪਣੀਆਂ ਮੰਗਾਂ ਸਬੰਧੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜਲੰਧਰ ਸਰਕਲ ਦੇ ਪ੍ਰਧਾਨ ਰਾਮ ਜੱਗੀ ਤੇ ਪੰਜਾਬ ਪੈਨਸ਼ਨਰ ਕਨਫੈਡਰੇਸ਼ਨ ਦੇ ਜਲੰਧਰ ਸਰਕਲ ਦੇ ਪ੍ਰਧਾਨ ਪਿਆਰਾ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀ ਕੀਤੀ ਗਈ। ਆਗੂਆਂ ਕਿਹਾ,‘ਆਮ ਆਦਮੀ ਪਾਰਟੀ ਦੇ ਲੀਡਰ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਸਨ ਕਿ ਜੇਕਰ ਸਾਡੀ ਸਰਕਾਰ ਬਣ ਗਈ ਤਾਂ ਮੁਲਾਜ਼ਮਾਂ, ਪੈਨਸ਼ਨਰਾਂ, ਕਿਸਾਨਾਂ ਅਤੇ ਹੋਰ ਲੋਕਾਂ ਨੂੰ ਧਰਨੇ ਨਹੀਂ ਦੇਣੇ ਪੈਣਗੇ ਪਰ ਢਾਈ ਸਾਲ ਤੋਂ ਵੱਧ ਸਮਾਂ ਬੀਤ ਗਿਆ, ਅਜੇ ਤੱਕ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਤਾਂ ਕੀ ਮੰਨਣੀਆਂ ਸਨ, ਸਰਕਾਰ ਗੱਲ ਸੁਣਨ ਲਈ ਤਿਆਰ ਨਹੀਂ ਹੈ। ਆਗੂਆਂ ਕਿਹਾ ਕਿ ਜੇਕਰ ਮੰਗਾਂ ਨੂੰ 15 ਅਕਤੂਬਰ ਤੱਕ ਲਾਗੂ ਨਾ ਕੀਤਾ ਗਿਆ ਤਾਂ 22 ਅਕਤੂਬਰ ਨੂੰ ਚੰਡੀਗੜ੍ਹ/ ਮੁਹਾਲੀ ਵਿੱਚ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਧਰਨਾ ਦਿੱਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।