ਦੀਪਕ ਠਾਕੁਰ
ਤਲਵਾੜਾ, 19 ਸਤੰਬਰ
ਇੱਥੇ ਪੀਡਬਲਊਡੀ ਫੀਲਡ ਐਂਡ ਵਕਰਸ਼ਾਪ ਵਰਕਰ ਯੂਨੀਅਨ ਇਕਾਈ ਤਲਵਾੜਾ ਤੇ ਮੁਕੇਰੀਆਂ ਦਾ 15ਵਾਂ ਚੋਣ ਇਜਲਾਸ ਕਰਵਾਇਆ ਗਿਆ। ਜ਼ਿਲ੍ਹਾ ਪ੍ਰਧਾਨ ਅਮਰਜੀਤ ਕੁਮਾਰ ਤੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਜਾਜਾ ਦੀ ਦੇਖ-ਰੇਖ ਹੇਠ ਕਰਵਾਏ ਇਜਲਾਸ ਦੀ ਸ਼ੁਰੂਆਤ ਬੀਤੇ ਦਿਨੀਂ ਜਹਾਨੋਂ ਤੁਰ ਗਏ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਕੀਤੀ ਗਈ। ਉਪਰੰਤ ਬ੍ਰਾਂਚ ਸਕੱਤਰ ਗੁਰਦੀਪ ਸਿੰਘ ਕੋਟਲੀ ਨੇ ਜਥੇਬੰਦਕ ਅਤੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਬ੍ਰਾਂਚ ਖ਼ਜ਼ਾਨਚੀ ਰਾਜੇਸ਼ ਕੁਮਾਰ ਨੇ ਪਿਛਲੇ ਤਿੰਨ ਸਾਲਾਂ ਦੀ ਵਿੱਤੀ ਰਿਪੋਰਟ ਪੜ੍ਹੀ। ਬ੍ਰਾਂਚ ਪ੍ਰਧਾਨ ਰਾਜੀਵ ਸ਼ਰਮਾ ਨੇ ਪਿਛਲੇ ਸਮੇਂ ’ਚ ਜਥੇਬੰਦੀ ਵੱਲੋਂ ਕੀਤੇ ਸੰਘਰਸ਼ ਅਤੇ ਪ੍ਰਾਪਤੀਆਂ ’ਤੇ ਚਾਨਣਾ ਪਾਇਆ।
ਜ਼ਿਲ੍ਹਾ ਪ੍ਰਧਾਨ ਅਮਰਜੀਤ ਕੁਮਾਰ ਨੇ ਮਹਿਕਮੇ ਅੰਦਰ ਕੰਮ ਕਰਦੇ ਐਨਲਿਸਟਮੈਂਟ ਠੇਕਾ ਮੁਲਾਜ਼ਮਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਅਤੇ ਇਨ੍ਹਾਂ ਮੁਲਾਜ਼ਮਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦਕ ਸੰਘਰਸ਼ ਉਲੀਕਣ ਦਾ ਐਲਾਨ ਕੀਤਾ। ਇਸ ਮਗਰੋਂ ਜ਼ਿਲ੍ਹਾ ਪ੍ਰਧਾਨ ਨੇ ਪਿਛਲੀ ਕਮੇਟੀ ਨੂੰ ਭੰਗ ਕੀਤਾ। ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਜਾਜਾ ਨੇ ਅਗਲੇ ਤਿੰਨ ਸਾਲ ਲਈ ਨਵੀਂ ਟੀਮ ਦਾ ਪੈਨਲ ਪੇਸ਼ ਕੀਤਾ ਜਿਸ ਨੂੰ ਹਾਜ਼ਰ ਮੁਲਾਜ਼ਮਾਂ ਨੇ ਸਹਿਮਤੀ ਦਿੱਤੀ। ਨਵੀਂ ਚੁਣੀ ਟੀਮ ’ਚ ਰਾਜੀਵ ਸ਼ਰਮਾ ਦੀ ਪ੍ਰਧਾਨ, ਸ਼ਾਮ ਸਿੰਘ ਦੀ ਸਕੱਤਰ, ਜਗਦੀਸ਼ ਸਿੰਘ ਅਤੇ ਮਿਲਾਪ ਚੰਦ ਦੀ ਖਜ਼ਾਨਚੀ, ਅਮਰੀਕ ਸਿੰਘ ਦੀ ਜਥੇਬੰਦਕ ਸਕੱਤਰ, ਰਾਜ ਕੁਮਾਰ ਤੇ ਰਾਜਨ ਸ਼ਰਮਾ ਦੀ ਪ੍ਰੈਸ ਸਕੱਤਰ, ਮੇਜਰ ਸਿੰਘ ਤੇ ਅਵਿਨਾਸ਼ ਕੁਮਾਰ ਦੀ ਪ੍ਰਚਾਰ ਸਕੱਤਰ ਸਮੇਤ ਨਰਿੰਦਰ ਸਿੰਘ, ਗਿਆਨ ਸਿੰਘ, ਅਕਸ਼ੇ ਕੁਮਾਰ, ਦਿਲਦਾਰ ਸਿੰਘ ਆਦਿ ਦੀ ਸੀਨੀਅਰ ਮੀਤ ਪ੍ਰਧਾਨ ਵਜੋਂ ਚੋਣ ਕੀਤੀ ਗਈ।
ਅੰਤ ਵਿੱਚ ਨਵ-ਨਿਯੁਕਤ ਬਰਾਂਚ ਪ੍ਰਧਾਨ ਰਾਜੀਵ ਸ਼ਰਮਾ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੀਆਂ ਚੁਣੌਤੀਆਂ ਦਾ ਜਥੇਬੰਦਕ ਢੰਗ ਨਾਲ ਮੁਕਾਬਲਾ ਕਰਨ ਲਈ ਜ਼ਿਲ੍ਹਾ ਆਗੂਆਂ ਨੂੰ ਭਰੋਸਾ ਦਿੱਤਾ। ਇਸ ਮੌਕੇ ਸਾਬਕਾ ਆਗੂ ਸ਼ਾਂਤੀ ਸਰੂਪ ਅਤੇ ਸੂਬਾ ਸਿੰਘ ਨੇ ਵੀ ਸੰਬੋਧਨ ਕੀਤਾ।