ਖੇਤਰੀ ਪ੍ਰਤੀਨਿਧ
ਪਟਿਆਲਾ, 19 ਸਤੰਬਰ
ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜਾਂ ਅਤੇ ਨੇਬਰਹੁੱਡ ਕੈਂਪਸ ਵਿੱਚ ਗੈਸਟ ਫੈਕਲਟੀ ਦੇ ਅਧੀਨ ਕਾਰਜਸ਼ੀਲ ਸਹਾਇਕ ਪ੍ਰੋਫੈਸਰਾਂ ਦੀ ਦੁਬਾਰਾ ਇੰਟਰਵਿਊ ਨਾ ਕਰਵਾਉਣ ਦੀ ਇੱਕ ਨੁਕਾਤੀ ਮੰਗ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪ੍ਰਵਾਨ ਕਰ ਲਈ ਗਈ ਹੈ ਜਿਸ ’ਤੇ ਵੀਸੀ ਦਫ਼ਤਰ ਮੂਹਰੇ 58 ਦਿਨਾਂ ਤੋਂ ਜਾਰੀ ਧਰਨਾ ਸਮਾਪਤ ਕਰ ਦਿੱਤਾ ਗਿਆ। ਅਸਲ ’ਚ ਯੂਨੀਵਰਸਿਟੀ ਨੇ ਐਤਕੀ ਹਦਾਇਤ ਕੀਤੀ ਸੀ ਕਿ ਗੈਸਟ ਫੈਕਲਟੀ ਦੇ ਅਧੀਨ ਸੇਵਾਵਾਂ ਨਿਭਾਅ ਰਹੇ ਇਨ੍ਹਾਂ ਸਹਾਇਕ ਪ੍ਰੋਫੈਸਰਾਂ ਦੀ ਹੁਣ ਹਰ ਸਾਲ ਇੰਟਰਵਿਊ ਹੋਇਆ ਕਰੇਗੀ, ਪਰ ਉਨ੍ਹਾਂ ਦਾ ਤਰਕ ਸੀ ਕਿ ਸਹਾਇਕ ਪ੍ਰੋਫੈਸਰਾਂ ਵਜੋਂ ਭਰਤੀ ਮੌਕੇ ਸਾਰਿਆਂ ਦੀ ਹੀ ਇੱਕ-ਇੱਕ ਵਾਰ ਇੰਟਰਵਿਊ ਹੋ ਚੁੱੱਕੀ ਹੈ ਜਿਸ ਦੇ ਆਧਾਰ ’ਤੇ ਹਰ ਅਕਾਦਮਿਕ ਸੈਸ਼ਨ ਦੌਰਾਨ ਉਨ੍ਹਾਂ ਦੀਆਂ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਰਹੀਆਂ ਹਨ। ਉਹ ਹਰ ਸਾਲ ਮੁੜ ਇੰਟਰਵਿਊ ਲਏ ਜਾਣ ਦੇ ਜਾਰੀ ਕੀਤੇ ਗਏ ਆਦੇਸ਼ਾਂ ਨੂੰ ਵਾਪਸ ਲੈਣ ਲਈ ਵੀਸੀ ਦਫਤਰ ਮੂਹਰੇ ਪੱਕਾ ਮੋਰਚਾ ਲਾ ਕੇ ਬੈਠੇ ਸਨ। ਹੁਣ ਉਨ੍ਹਾਂ ਦੀ ਮੰਗ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪ੍ਰਵਾਨ ਕਰ ਲਈ ਗਈ ਹੈ। ਧਰਨੇ ਦੀ ਸਮਾਪਤੀ ਮੌਕੇ ਯੂਨੀਵਰਸਿਟੀ ਦੇ ਸਾਬਕਾ ਕੰਟਰੋਲਰ ਪ੍ਰੀਖਿਆਵਾਂ ਤੇ ਰਿਟਾਇਰਡ ਪ੍ਰੋਫੈਸਰ ਡਾ. ਬਲਵਿੰਦਰ ਟਿਵਾਣਾ ਨੇ ਇਨ੍ਹਾਂ ਸੰਘਰਸ਼ਕਾਰੀ ਸਹਾਇਕ ਪ੍ਰੋਫੈਸਰਾਂ ਨੂੰ ਇਸ ਜਿੱਤ ਲਈ ਵਧਾਈ ਦਿੰਦਿਆਂ ਆਖਿਆ ਕਿ ਕਿਸੇ ਵੀ ਸੰਘਰਸ਼ ਲਈ ਇੱਕਜੁਟਤਾ ਅਤੇ ਦ੍ਰਿੜਤਾ ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਅੱਜ ਦੇ ਇਸ ਧਰਨੇ ਨੂੰ ਇਨ੍ਹਾਂ ਅਧਿਆਪਕਾਂ ਦੀ ਜਥੇਬੰਦੀ ਦੇ ਸੂਬਾਈ ਪ੍ਰਧਾਨ ਡਾ. ਗੁਰਸੇਵਕ ਸਿੰਘ ਅਤੇ ਮੀਤ ਪ੍ਰਧਨ ਅਮਨਦੀਪ ਸਿੰਘ ਸਮੇਤ ਡਾ. ਕੁਲਦੀਪ ਸਿੰਘ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ, ਨਵਜੀਤ ਸਿੰਘ, ਡਾ. ਬਲਵਿੰਦਰ ਸਿੰਘ, ਡਾ. ਸੁਖਵੀਰ ਕੌਰ ਤੇ ਕਰਮਜੀਤ ਕੌਰ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਪ੍ਰਧਾਨ ਡਾ. ਗੁਰਸੇਵਕ ਸਿੰਘ ਤੇ ਹੋਰਾਂ ਨੇ ਦੋ ਮਹੀਨੇ ਚੱਲੇ ਉਨ੍ਹਾਂ ਦੇ ਇਸ ਸੰਘਰਸ਼ ਨੂੰ ਸਮਰਥਨ ਦੇਣ ਵਾਲੇ ਅਧਿਆਪਕ, ਵਿਦਿਆਰਥੀ, ਕਿਸਾਨ ਤੇ ਹੋਰ ਜਮਹੂਰੀ ਜਥੇਬੰਦੀਆਂ ਦਾ ਧੰਨਵਾਦ ਕੀਤਾ ਹੈ।