ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਸਤੰਬਰ
ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਕੱਚੇ ਮੁਲਾਜ਼ਮਾਂ ਵੱਲੋਂ ਪੀਆਰਟੀਸੀ ਦੇ ਸਥਾਨਕ ਡਿੱਪੂ ਅੱਗੇ ਗੇਟ ਰੈਲੀ ਕੀਤੀ ਗਈ ਅਤੇ ਮੰਗਾਂ ਦਾ ਨਿਪਟਾਰਾ ਨਾ ਕਰਨ ’ਤੇ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਜਤਿੰਦਰ ਸਿੰਘ ਦੀਦਾਗਰੜ੍ਹ, ਸੂਬਾ ਮੀਤ ਪ੍ਰਧਾਨ ਕਰਮਜੀਤ ਸਿੰਘ ਅਤੇ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ ਨੇ ਕਿਹਾ ਕਿ 9 ਫਰਵਰੀ 2024 ਨੂੰ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਮੰਤਰੀ ਵੱਲੋਂ 11 ਮਾਰਚ 2014 ਨੂੰ ਕਮੇਟੀ ਗਠਿਤ ਕਰ ਕੇ 2 ਮਹੀਨਿਆਂ ’ਚ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਜੇ ਤੱਕ ਕੁੱਝ ਨਹੀਂ ਹੋਇਆ। ਜਲੰਧਰ ਜ਼ਿਮਨੀ ਚੋਣ ਦੌਰਾਨ 1 ਜੁਲਾਈ ਨੂੰ ਪੈਨਲ ਮੀਟਿੰਗ ਦੌਰਾਨ ਮੁੱਖ ਮੰਤਰੀ ਵੱਲੋਂ ਭਰੋਸਾ ਦਿਵਾਉਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਮੰਗਾਂ ਦਾ ਹੱਲ ਇੱਕ ਮਹੀਨੇ ਦੇ ਅੰਦਰ ਕੀਤਾ ਜਾਵੇ। ਗਠਿਤ ਕਮੇਟੀ ਵਿੱਚ ਦੋ ਆਗੂ ਯੂਨੀਅਨ ਦੇ ਵੀ ਸ਼ਾਮਲ ਕੀਤੇ। ਕਮੇਟੀ ਵੱਲੋਂ ਫਾਈਨਲ ਰਿਪੋਰਟ ਸਰਕਾਰ ਨੂੰ ਭੇਜੀ ਗਈ ਤੇ ਇਸ ਮਗਰੋਂ ਪੀਆਰਟੀਸੀ ਮੈਨੇਜਮੈਂਟ ਨਾਲ ਕਈ ਵਾਰ ਰਾਬਤਾ ਕਾਇਮ ਹੋਇਆ ਪਰ ਸਿਰਫ਼ ਭਰੋਸੇ ਤੋਂ ਇਲਾਵਾ ਹੋਰ ਕੁੱਝ ਪੱਲੇ ਨਹੀਂ ਪਿਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਬਣੀ ਨੂੰ ਕਰੀਬ ਢਾਈ ਸਾਲ ਬੀਤ ਚੁੱਕੇ ਹਨ ਪਰ ਆਪਣੇ ਕਾਰਜਕਾਲ ਵਿਚ ਪਨਬਸ/ਪੀ.ਆਰ.ਟੀ.ਸੀ ਵਿੱਚ ਕੋਈ ਵੀ ਨਵੀਂ ਬੱਸ ਨਹੀਂ ਪਾਈ ਗਈ। ਬੱਸਾਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ ਜਿਸਦਾ ਖਮਿਆਜਾ ਡਰਾਈਵਰਾਂ-ਕੰਡਕਟਰਾਂ ਨੂੰ ਭੁਗਤਣਾ ਪੈ ਰਿਹਾ ਹੈ। ਪਨਬਸ/ਪੀਆਰਟੀਸੀ ਵਿਭਾਗਾਂ ਦੀ ਮੈਨੇਜਮੈਂਟ ਵੱਲੋਂ ਲਗਭਗ 2 ਸਾਲ ਦਾ ਸਮਾਂ ਬੀਤਣ ਦੇ ਬਾਵਜੂਦ 5% ਦਾ ਏਰੀਅਰ ਨਹੀਂ ਦਿੱਤਾ ਜਾ ਰਿਹਾ ਗਿਆ ਤੇ ਰੈਗੂਲਰ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 21 ਅਕਤੂਬਰ ਨੂੰ ਪੂਰਨ ਤੌਰ ’ਤੇ ਚੱਕਾ ਜਾਮ ਕੀਤਾ ਜਾਵੇਗਾ ਅਤੇ 22 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਬਲਜਿੰਦਰ ਸਿੰਘ ਲਾਡੀ, ਸਕੱਤਰ ਸੁਖਜਿੰਦਰ ਸਿੰਘ ਧਾਲੀਵਾਲ, ਕੈਸ਼ੀਅਰ ਡਿੰਪਲ ਕੁਮਾਰ, ਸਤਵਿੰਦਰ ਸਿੰਘ, ਰਮਨਦੀਪ ਸਿੰਘ, ਲਖਵਿੰਦਰ ਸਿੰਘ ਬਿੱਟੂ, ਪੁਸ਼ਪਿੰਦਰ ਸਿੰਘ, ਬਲਕਾਰ ਸਿੰਘ, ਪਰਮਿੰਦਰ ਸਿੰਘ, ਗੁਰਜੀਤ ਸਿੰਘ, ਹਰਸੇਵਕ ਸਿੰਘ ਤੇ ਮਲਕੀਤ ਸਿੰਘ ਦੁੱਗਾਂ ਮੌਜੂਦ ਸਨ।