ਮਨੋਜ ਸ਼ਰਮਾ
ਬਠਿੰਡਾ, 19 ਸਤੰਬਰ
ਮਾਲਵਾ ਖੇਤਰ ਵਿੱਚ ਰੁੱਕ-ਰੁੱਕ ਪੈ ਰਹੇ ਅੱਸੂ ਮਹੀਨੇ ਦੇ ਪਹਿਲੇ ਮੀਂਹ ਨੇ ਖੇਤਰ ਵਿੱਚ ਠੰਢ ਦਾ ਆਗਾਜ਼ ਕਰ ਦਿੱਤਾ ਹੈ। ਇਸ ਮੀਂਹ ਨਾਲ ਬਠਿੰਡਾ ਦਾ ਤਾਪਮਾਨ ਪੰਜ ਡਿਗਰੀ ਡਿੱਗ ਗਿਆ ਹੈ। ਦੂਜੇ ਪਾਸੇ ਮੀਂਹ ਨੇ ਕਿਸਾਨਾਂ ਦਾ ਫਿਕਰ ਵਧਾ ਦਿੱਤਾ ਹੈ ਕਿਉਂਕਿ ਅੰਨਦਾਤੇ ਦੀ ਝੋਨੇ ਦੀ ਫ਼ਸਲ ਖੇਤਾਂ ਵਿਚ ਪੱਕਣ ਕੰਢੇ ਖੜ੍ਹੀ ਹੈ। ਜਾਣਕਾਰੀ ਅਨੁਸਾਰ ਕੱਲ੍ਹ ਦੁਪਹਿਰ ਸ਼ੁਰੂ ਹੋਈ ਬੂੰਦਾਂ-ਬਾਂਦੀ ਤੋਂ ਬਾਅਦ ਅੱਜ ਹਲਕਾ ਮੀਂਹ ਪਿਆ ਜਿਸ ਕਾਰਨ ਲੋਕਾਂ ਨੇ ਮੌਸਮ ਵਿੱਚ ਹਲਕੀ ਠੰਢ ਮਹਿਸੂਸ ਕੀਤੀ। ਪਿਛਲੇ ਕੁਝ ਦਿਨ ਤੋਂ ਦਿਨ ਦਾ ਤਾਪਮਾਨ ਵਧਣ ਕਾਰਨ ਮੌਸਮ ਗਰਮ ਸੀ ਅਤੇ ਇਸ ਮੀਂਹ ਨੇ ਗਰਮੀ ਘਟਾ ਦਿੱਤੀ ਹੈ। ਹਾਲਾਂਕਿ ਮੌਸਮ ਵਿਭਾਗ ਨੇ ਮੀਂਹ ਦੀ ਪਹਿਲਾਂ ਹੀ ਪੇਸ਼ੀਨਗੋਈ ਕੀਤੀ ਹੋਈ ਸੀ। ਅੱਜ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 28.4 ਡਿਗਰੀ ਸੈੱਲਸੀਅਸ ਦਰਜ ਕੀਤਾ ਗਿਆ ਜਦਕਿ ਘੱਟ ਤੋਂ ਘੱਟ ਤਾਪਮਾਨ 24.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਕੱਲ੍ਹ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਦਰਜ ਕੀਤਾ ਗਿਆ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਜ਼ਿਆਦਾ ਖ਼ਰਾਬ ਹੁੰਦਾ ਹੈ ਤਾਂ ਫ਼ਸਲਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਪਿਛਲੇ ਦੋ ਦਿਨਾਂ ਤੋਂ ਰੁੱਕ-ਰੁੱਕ ਕੇ ਪੈ ਰਹੇ ਮੀਂਹ ਦਾ ਲੋਕਾਂ ਨੇ ਆਨੰਦ ਮਾਣਿਆ।
ਇਸ ਸਬੰਧੀ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਨਿਰਦੇਸ਼ਕ ਡਾ. ਕੇਐੱਸ ਸੇਖੋਂ ਦਾ ਕਹਿਣਾ ਹੈ ਕਿ ਭਾਵੇਂ ਮੌਸਮ ਜ਼ਿਆਦਾ ਖ਼ਰਾਬ ਨਹੀਂ ਪਰ ਇਸ ਸਮੇਂ ਜੇ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਯਕੀਨਨ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇ ਲਗਾਤਾਰ ਮੌਸਮ ਝੜੀ ਵਾਲਾ ਬਣਦਾ ਹੈ ਤਾਂ ਝੋਨੇ ਅਤੇ ਨਰਮੇ ਦੀ ਫ਼ਸਲ ਲਈ ਬਿਮਾਰੀਆਂ ਨੂੰ ਸੱਦਾ ਦੇਵੇਗਾ। ਦੂਜੇ ਪਾਸੇ ਖੇਤੀਬਾੜੀ ਵਿਭਾਗ ਨਰਮੇ ਦੀ ਫ਼ਸਲ ਨੂੰ ਲੈ ਕਿ ਚਿੰਤਤ ਨਜ਼ਰ ਆ ਰਿਹਾ ਹੈ। ਪਿੰਡਾਂ ਵਿੱਚ ਕੈਂਪ ਲਗਾ ਕਿ ਕਿਸਾਨਾਂ ਨੂੰ ਗੁਲਾਬੀ ਸੁੰਡੀ ਲੈ ਕਿ ਜਾਗਰੂਕ ਕੀਤਾ ਜਾ ਰਿਹਾ ਹੈ।