ਜਸਵੰਤ ਜੱਸ
ਫਰੀਦਕੋਟ, 19 ਸਤੰਬਰ
ਬਾਬਾ ਫਰੀਦ ਆਗਮਨ ਪੁਰਬ ਸਬੰਧੀ ਇਥੋਂ ਦੇ ਇਤਿਹਾਸਿਕ ਬਰਜਿੰਦਰਾ ਕਾਲਜ ਵਿੱਚ ਪੰਜ ਰੋਜ਼ਾ ਪੁਸਤਕ ਮੇਲਾ ਸ਼ੁਰੂ ਹੋਇਆ ਜਿਸ ਦਾ ਉਦਘਾਟਨ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫਰ ਅਤੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਕੀਤਾ। ਇਸ ਪੁਸਤਕ ਮੇਲੇ ਵਿੱਚ ਦੇਸ਼ ਭਰ ਤੋਂ 40 ਤੋਂ ਵੱਧ ਪ੍ਰਕਾਸ਼ਨ ਆਏ ਹਨ। ਵਿਧਾਇਕ ਸੇਖੋਂ ਨੇ ਸਮੂਹ ਹਾਜ਼ਰੀਨ ਨੂੰ ਬਾਬਾ ਫਰੀਦ ਆਗਮਨ ਪੁਰਬ ਦੀ ਵਧਾਈ ਦਿੰਦਿਆਂ 5 ਰੋਜ਼ਾ ਪੁਸਤਕ ਮੇਲਾ ਸ਼ੁਰੂ ਕਰਨ ਲਈ ਸਾਹਿਤ ਮੰਚ ਦੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਗਿਆਨ ਵੱਖਰੇ-ਵੱਖਰੇ ਸੰਚਾਰ ਸਾਧਨਾਂ ਤੋਂ ਪ੍ਰਾਪਤ ਕੀਤਾ ਜਾ ਰਿਹਾ ਹੈ ਪਰ ਕਿਤਾਬਾਂ ਅੱਜ ਵੀ ਸਾਡਾ ਮਾਰਗ ਦਰਸ਼ਨ ਕਰਕੇ ਸਾਡੇ ਗਿਆਨ ਦੇ ਸੋਮੇ ਨੂੰ ਹੋਰ ਭਰਪੂਰ ਕਰਦੀਆਂ ਹਨ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਸਮੇਂ ਵਿੱਚੋਂ ਕੁਝ ਸਮਾਂ ਕਿਤਾਬਾਂ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਕਿਤਾਬਾਂ ਹੀ ਮਨੁੱਖ ਦੀ ਸਭ ਤੋਂ ਵਧੀਆ ਦੋਸਤ ਹੁੰਦੀਆਂ ਹਨ ਜੋ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਵਿੱਚ ਸਾਡਾ ਮਾਰਗ ਦਰਸ਼ਨ ਕਰਦੀਆਂ ਹਨ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਤੇ ਪ੍ਰਸਿੱਧ ਸਹਿਤਕਾਰ ਡਾ. ਜਸਵੰਤ ਜ਼ਫ਼ਰ ਨੇ ਬਾਬਾ ਫਰੀਦ ਮੇਲੇ ਤੇ ਲਗਾਏ ਗਏ ਵਿਸ਼ਾਲ ਪੁਸਤਕ ਮੇਲੇ ਲਈ ਪ੍ਰਬੰਧਕਾਂ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਅਜਿਹੇ ਮੇਲਿਆਂ ਨੂੰ ਉਤਸ਼ਾਹਤ ਕਰਨ ਲਈ ਹਰ ਤਰ੍ਹਾਂ ਦੀ ਮਦਦ ਲਈ ਅੱਗੇ ਆਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਪੂਰੀ ਤਰ੍ਹਾਂ ਸਾਹਿਤ ਪ੍ਰੇਮੀ ਹਨ ਅਤੇ ਦੁਨੀਆਂ ਦੇ ਸਭ ਤੋਂ ਪਹਿਲੇ ਗ੍ਰੰਥ ਰਿਗਵੇਦ ਦੀ ਸਿਰਜਨਾ ਵੀ ਪੰਜਾਬ ਵਿੱਚ ਹੋਈ ਅਤੇ ਦੁਨੀਆਂ ਦੇ ਸਭ ਤੋਂ ਮਹਾਨ ਗ੍ਰੰਥ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਪੰਜਾਬ ਦੀ ਧਰਤੀ ‘ਤੇ ਹੋਈ। ਜ਼ਿਲ੍ਹਾ ਭਾਸ਼ਾ ਅਫਸਰ ਮਨਜੀਤ ਪੁਰੀ ਨੇ ਦੱਸਿਆ ਕਿ ਪਿਛਲੇ ਸਾਲ ਲੱਗੇ ਬਾਬਾ ਫਰੀਦ ਪੁਸਤਕ ਮੇਲੇ ਵਿੱਚ ਲੋਕਾਂ ਨੇ 30 ਲੱਖ ਤੋਂ ਵਧੇਰੇ ਦੀਆਂ ਪੁਸਤਕਾਂ ਖਰੀਦੀਆਂ, ਜੋ ਉਨ੍ਹਾਂ ਦੇ ਸਹਿਤ ਪ੍ਰਤੀ ਲਗਨ ਤੇ ਪ੍ਰੇਮ ਨੂੰ ਦਰਸਾਉਂਦਾ ਹੈ। ਇਸ ਮੌਕੇ ਸਤਨਾਮ ਸਿੰਘ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ, ਅਮਨਪ੍ਰੀਤ ਸਿੰਘ ਪ੍ਰਧਾਨ, ਗੁਰਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ ਔਲਖ, ਸਤਵਿੰਦਰ ਸਿੰਘ, ਰਾਜਪਾਲ ਸਿੰਘ ਸੰਧੂ, ਸ਼ਿਵਜੀਤ ਸਿੰਘ ਸੰਘਾ, ਮਨਪ੍ਰੀਤ ਸਿੰਘ ਧਾਲੀਵਾਲ, ਕੁਮਾਰ ਜਗਦੇਵ ਸਿੰਘ, ਗੁਰਸੇਵਕ ਸਿੰਘ ਚਹਿਲ, ਨਿਮਰਤਪਾਲ ਸਿੰਘ ਢਿੱਲੋਂ, ਕਾਰਜ ਸਿੰਘ, ਪ੍ਰਿੰਸੀਪਲ ਮਨਜੀਤ ਸਿੰਘ, ਕਰਨਲ ਬਲਬੀਰ ਸਿੰਘ ਸਰਾਂ, ਵਿਜੇ ਵਿਵੇਕ, ਗੁਰਮੀਤ ਕੜਿਆਲਵੀ, ਜਗਤਾਰ ਸਿੰਘ ਸੋਖੀ ਹਾਜ਼ਰ ਸਨ।