ਮੁੰਬਈ, 19 ਸਤੰਬਰ
ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਸੁਰੱਖਿਆ ਕਾਫ਼ਲੇ ਵਿੱਚ ਦਾਖ਼ਲ ਹੋਏ ਮੋਟਰਸਾਈਕਲ ਸਵਾਰ ਖ਼ਿਲਾਫ਼ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਬਾਂਦਰਾ ਵਿੱਚ ਮਹਿਬੂਬ ਸਟੂਡੀਓ ਅਤੇ ਗੈਲੇਕਸੀ ਅਪਾਰਟਮੈਂਟਸ ਵਿਚਕਾਰ ਵਾਪਰੀ, ਜਿੱਥੇ ਅਦਾਕਾਰ ਦਾ ਘਰ ਹੈ। ਸਲਮਾਨ ਨੂੰ ਲਾਰੈਂਸ ਬਿਸ਼ਨੋਈ ਗਰੋਹ ਤੋਂ ਕਈ ਧਮਕੀਆਂ ਮਿਲੀਆਂ ਹਨ ਅਤੇ ਉਸ ਨੂੰ ਮੁੰਬਈ ਪੁਲੀਸ ਵੱਲੋਂ ‘ਵਾਈ-ਪਲੱਸ’ ਸੁਰੱਖਿਆ ਕਵਰ ਮੁਹੱਈਆ ਕਰਵਾਇਆ ਗਿਆ ਹੈ। ਘਟਨਾ ਸਮੇਂ ਸਲਮਾਨ ਘਰ ਪਰਤ ਰਿਹਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਾਤ ਕਰੀਬ 12:15 ਵਜੇ ਜਦੋਂ ਕਾਫ਼ਲਾ ਮਹਿਬੂਬ ਸਟੂਡੀਓ ਤੋਂ ਲੰਘਿਆ ਤਾਂ ਮੋਟਰਸਾਈਕਲ ’ਤੇ ਸਵਾਰ ਫ਼ੈਜ਼ ਮੋਹਿਉਦੀਨ (21) ਨੇ ਸਲਮਾਨ ਦੀ ਕਾਰ ਨੇੜੇ ਜਾਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮੀਆਂ ਨੇ ਉਸ ਨੂੰ ਚਿਤਾਵਨੀ ਦਿੱਤੀ ਪਰ ਉਹ ਸਲਮਾਨ ਦੀ ਕਾਰ ਵੱਲ ਆਉਂਦਾ ਰਿਹਾ। ਅਧਿਕਾਰੀ ਨੇ ਦੱਸਿਆ ਕਿ ਅਦਾਕਾਰ ਦੇ ਘਰ ਪਹੁੰਚਣ ਮਗਰੋਂ ਦੋ ਪੁਲੀਸ ਵਾਹਨਾਂ ਨੇ ਮੋਟਰਸਾਈਕਲ ਸਵਾਰ ਦਾ ਪਿੱਛਾ ਕੀਤਾ ਅਤੇ ਉਸ ਨੂੰ ਰੋਕ ਲਿਆ। ਪੁੱਛ ਪੜਤਾਲ ਦੌਰਾਨ ਬਾਂਦਰਾ ਪੱਛਮੀ ਵਾਸੀ ਮੋਹਿਉਦੀਨ ਨੇ ਪੁਲੀਸ ਨੂੰ ਦੱਸਿਆ ਕਿ ਉਹ ਕਾਲਜ ਦਾ ਵਿਦਿਆਰਥੀ ਹੈ। ਅਧਿਕਾਰੀ ਨੇ ਦੱਸਿਆ ਕਿ ਮੋਹਿਉਦੀਨ ਖ਼ਿਲਾਫ਼ ਬਾਂਦਰਾ ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ ਪਰ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਸਲਮਾਨ ਦੇ ਗੈਲੇਕਸੀ ਅਪਾਰਟਮੈਂਟ ਦੇ ਬਾਹਰ ਇਸ ਸਾਲ ਅਪਰੈਲ ਵਿੱਚ ਬਿਸ਼ਨੋਈ ਗਰੋਹ ਨਾਲ ਕਥਿਤ ਤੌਰ ’ਤੇ ਜੁੜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਬਾਰੀ ਕੀਤੀ ਸੀ। -ਪੀਟੀਆਈ
ਸਲੀਮ ਖ਼ਾਨ ਨੂੰ ਧਮਕਾਉਣ ਦੇ ਦੋਸ਼ ਹੇਠ ਮਹਿਲਾ ਸਣੇ ਦੋ ਨੂੰ ਹਿਰਾਸਤ ’ਚ ਲਿਆ
ਮੁੰਬਈ:
ਅਦਾਕਾਰ ਸਲਮਾਨ ਖ਼ਾਨ ਦੇ ਪਿਤਾ ਅਤੇ ਲੇਖਕ ਸਲੀਮ ਖ਼ਾਨ ਨੂੰ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਇੱਕ ਪੁਰਸ਼ ਅਤੇ ਬੁਰਕਾ ਪਹਿਨ ਕੇ ਆਈ ਮਹਿਲਾ ਨੇ ਕਥਿਤ ਤੌਰ ’ਤੇ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ ਲੈ ਕੇ ਧਮਕਾਇਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੁੱਛ ਪੜਤਾਲ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਸਲੀਮ ਖ਼ਾਨ ਨਾਲ ਸਿਰਫ਼ ਮਜ਼ਾਕ ਕਰ ਰਹੇ ਸੀ। ਅਧਿਕਾਰੀ ਨੇ ਕਿਹਾ, ‘ਦੋਪਹੀਆ ਵਾਹਨ ’ਤੇ ਜਾ ਰਹੇ ਇੱਕ ਪੁਰਸ਼ ਅਤੇ ਬੁਰਕਾ ਪਹਿਨੀ ਇੱਕ ਮਹਿਲਾ ਨੇ ਬੁੱਧਵਾਰ ਨੂੰ ਬਾਂਦਰਾ ਬੈਂਡਸਟੈਂਡ ’ਤੇ ਸਲੀਮ ਖ਼ਾਨ ਨੂੰ ਬੈਠੇ ਦੇਖਿਆ। ਉਹ ਯੂ-ਟਰਨ ਲੈ ਕੇ ਉਸ ਕੋਲ ਆਏ ਅਤੇ ਕਿਹਾ ‘ਲਾਰੈਂਸ ਬਿਸ਼ਨੋਈ ਨੂੰ ਭੇਜਾਂ ਕਿ।’’ ਅਧਿਕਾਰੀ ਅਨੁਸਾਰ ਸਲੀਮ ਖ਼ਾਨ ਨੂੰ ਧਮਕਾਉਣ ਮਗਰੋਂ ਦੋਵੇਂ ਉੱਥੋਂ ਚਲੇ ਗਏ। ਇਸ ਮਗਰੋਂ ਸਲੀਮ ਖ਼ਾਨ ਦੇ ਸੁਰੱਖਿਆ ਕਰਮੀਆਂ ਨੇ ਬੁੱਧਵਾਰ ਨੂੰ ਬਾਂਦਰਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਰ ’ਤੇ ਮਾਮਲਾ ਦਰਜ ਕੀਤਾ ਗਿਆ। -ਪੀਟੀਆਈ