ਚੰਡੀਗੜ੍ਹ (ਪੱਤਰ ਪ੍ਰੇਰਕ):
ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋਂ ਭਾਰਤ ਦੀਆਂ ਵੱਖ-ਵੱਖ ਖੇਤਰੀ ਭਾਸ਼ਾਵਾਂ ਵਿੱਚ ਗ੍ਰੈਜੂਏਟ ਪੱਧਰ ’ਤੇ ਪ੍ਰੀਖਿਆ ਦਾ ਪ੍ਰਬੰਧ ਕਰਨ ਲਈ ਬਣਾਈ ਭਾਰਤੀ ਭਾਸ਼ਾ ਸਮਵਰਧਨ ਸਮਿਤੀ (ਪੰਜਾਬੀ) ਵੱਲੋਂ ਆਰਟਸ, ਸਾਇੰਸ ਅਤੇ ਕਾਮਰਸ ਦੇ ਵਿਸ਼ਿਆਂ ਲਈ ਪਾਠ-ਪੁਸਤਕਾਂ ਪੰਜਾਬੀ ਭਾਸ਼ਾ ’ਚ ਛਾਪੀਆਂ ਜਾ ਰਹੀਆਂ ਹਨ। ਇਨ੍ਹਾਂ ਵਿਸ਼ਿਆਂ ਲਈ ਚੁਣੇ ਗਏ ਲੇਖਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਵਾਸਤੇ ਵਰਕਸ਼ਾਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ 21 ਅਤੇ 22 ਸਤੰਬਰ ਨੂੰ ਲਗਾਈ ਜਾ ਰਹੀ ਹੈ। ਵਰਕਸ਼ਾਪ ਦਾ ਉਦਘਾਟਨ 21 ਸਤੰਬਰ ਨੂੰ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਵੱਲੋਂ ਕੀਤਾ ਜਾਵੇਗਾ ਅਤੇ ਪ੍ਰਧਾਨਗੀ ਪ੍ਰੋਫ਼ੈਸਰ ਜਗਬੀਰ ਸਿੰਘ, ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਕਰਨਗੇ। ਕੁੰਜੀਵਤ ਭਾਸ਼ਣ ਪ੍ਰਸਿੱਧ ਚਿੰਤਕ ਅਮਰਜੀਤ ਗਰੇਵਾਲ ਵੱਲੋਂ ਦਿੱਤਾ ਜਾਵੇਗਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜ਼ਫਰ ਸ਼ਿਰਕਤ ਕਰਨਗੇ। ਵਰਕਸ਼ਾਪ ਦੇ ਕੋਆਰਡੀਨੇਟਰ ਪ੍ਰੋ. ਗੁਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਲੇਖਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਦੀ ਤਲਾਸ਼ ਕਰਨਾ ਹੈ।