ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਸਤੰਬਰ
ਸਥਾਨਕ ‘ਸਾਦੇ ਰਹਿਣਾ’ ਸੁਸਾਇਟੀ ਵਲੋਂ ਪੰਜਾਬ ਨੂੰ ਸਾਦਗੀ ਵੱਲ ਮੋੜਣ ਲਈ ਕੀਤੇ ਜਾ ਰਹੇ ਉੱਦਮਾਂ ਨੂੰ ਲੋਕਾਂ ਵੱਲੋਂ ਕਾਫ਼ੀ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਇਸ ਮੁਹਿੰਮ ਨਾਲ ਜੁੜ ਕੇ ਫ਼ਜ਼ੂਲ ਖਰਚ ਘਟਾਉਣ ਲਈ ਪ੍ਰੇਰਿਤ ਹੋ ਰਹੇ ਹਨ। ਸੁਸਾਇਟੀ ਦੇ ਪ੍ਰਧਾਨ ਇੰਜਨੀਅਰ ਉਰਵਿੰਦਰ ਸਿੰਘ ਨੇ ਦੱਸਿਆ ਕਿ ਬਹੁਤ ਸਾਰੀਆਂ ਪਿੰਡ ਦੀਆਂ ਪੰਚਾਇਤਾਂ ਨੇ ਸੁਸਾਇਟੀ ਨੂੰ ਆਪਣੇ ਪਿੰਡ ਆ ਕੇ ਪ੍ਰਚਾਰ ਕਰਨ ਦਾ ਸੱਦਾ ਦਿੰਦਿਆਂ ਵਿਸ਼ਵਾਸ ਦਿਵਾਇਆ ਹੈ ਕਿ ਉਹ ਇਸ ਸਬੰਧੀ ਪੰਚਾਇਤ ਵਿੱਚ ਮਤੇ ਪਾ ਕੇ ਲੋਕਾਂ ਨੂੰ ਸਾਦੇ ਸਮਾਗਮ ਕਰਾਉਣ ਪ੍ਰਤੀ ਜਾਗਰੂਕ ਕਰਨਗੇ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਸੈਲਫੀ ਪੁਆਇੰਟ ਲਾ ਕੇ ਸਾਦਗੀ ਸੁਨੇਹੇ ਦਿੱਤੇ ਜਾ ਰਹੇ ਹਨ, ਜਿਸ ਤਹਿਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕਿਸਾਨ ਮੇਲੇ ਦੌਰਾਨ ਕਰੀਬ 5000 ਕਿਸਾਨਾਂ ਨੇ ਸੈਲਫੀਆਂ ਲੈ ਕੇ ਸੁਸਾਇਟੀ ਕਾਰਜਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਕਿਸਾਨਾਂ ਨੇ ਸਾਦੇ ਸਮਾਗਮਾਂ ਦੇ ਫਾਰਮ ਵੀ ਭਰੇ ਗਏ, ਜਦਕਿ ਸੁਸਾਇਟੀ ਵੱਲੋਂ ‘ਸਾਦੇ ਵਿਆਹ ਸਾਦੇ ਭੋਗ’ ਨਾਮ ਦੀ ਕਿਤਾਬ ਵੀ ਮੁਫ਼ਤ ਵੰਡੀ ਗਈ। ਕਿਸਾਨਾਂ ਨੇ ਭਰੋਸਾ ਦਵਾਇਆ ਕਿ ਅੱਜ ਤੋਂ ਬਾਅਦ ਸਾਦੇ ਸਮਾਗਮ ਹੀ ਕੀਤੇ ਜਾਣਗੇ।