ਗਗਨ ਅਰੋੜਾ
ਲੁਧਿਆਣਾ, 19 ਸਤੰਬਰ
ਦੁੱਗਰੀ ਨਹਿਰ ਦੇ ਪੁਲ ’ਤੇ ਅੱਜ ਦੁਪਹਿਰੇ ਇੱਕ ਵਿਅਕਤੀ ਨੇ ਨਹਿਰ ’ਚ ਛਾਲ ਮਾਰ ਦਿੱਤੀ, ਜਦੋਂਕਿ ਇੱਕ ਔਰਤ ਜੋ ਆਪਣੇ ਆਪ ਨੂੰ ਛਾਲ ਮਾਰਨ ਵਾਲੇ ਦੀ ਪਤਨੀ ਦੱਸ ਰਹੀ ਸੀ, ਉਹ ਵੀ ਨਹਿਰ ਵਿੱਚ ਛਾਲ ਮਾਰਨ ਲੱਗੀ। ਇਸ ਦੌਰਾਨ ਉੱਥੇ ਮੌਜੂਦ ਪੀਸੀਆਰ ਮੁਲਾਜ਼ਮਾਂ ਨੇ ਉਸ ਨੂੰ ਰੋਕ ਲਿਆ। ਪੁਲੀਸ ਵੱਲੋਂ ਔਰਤ ਅਤੇ ਉਸ ਦੇ ਨਾਲ ਆਏ ਵਿਅਕਤੀ ਨੂੰ ਈ-ਰਿਕਸ਼ਾ ਰਾਹੀਂ ਵਾਪਸ ਭੇਜ ਦਿੱਤਾ ਗਿਆ। ਕੁਝ ਦੂਰੀ ’ਤੇ ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਜਵੱਦੀ ਪੁਲ ਨੇੜੇ ਗੋਤਾਖੋਰਾਂ ਦੀ ਮਦਦ ਨਾਲ ਛਾਲ ਮਾਰਨ ਵਾਲੇ ਦੀ ਲਾਸ਼ ਨੂੰ ਕੱਢਿਆ। ਪੁਲੀਸ ਵੱਲੋਂ ਔਰਤ ਅਤੇ ਉਸ ਨਾਲ ਆਏ ਵਿਅਕਤੀ ਦਾ ਪਤਾ ਲਗਾ ਰਹੀ ਹੈ।
ਦੁੱਗਰੀ ਨਹਿਰ ਦੇ ਪੁਲ ਕੋਲ ਦੁਕਾਨਦਾਰ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ, ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਉਹ ਡੁੱਬ ਗਿਆ। ਕੁੱਝ ਦੇਰ ਮਗਰੋਂ ਔਰਤ ਉੱਥੇ ਆਈ ਅਤੇ ਉਹ ਛਾਲ ਮਾਰਨ ਵਾਲੇ ਨੂੰ ਆਪਣਾ ਪਤੀ ਕਹਿ ਰਹੀ ਸੀ। ਮਗਰੋਂ ਉਸ ਔਰਤ ਨੇ ਨਹਿਰ ’ਚ ਛਾਲ ਮਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਥੇ ਮੌਜੂਦ ਪੀਸੀਆਰ ਮੁਲਾਜ਼ਮਾਂ ਨੇ ਉਸ ਨੂੰ ਰੋਕ ਲਿਆ। ਥਾਣਾ ਮਾਡਲ ਟਾਊਨ ਦੀ ਐੱਸਐੱਚਓ ਸਬ-ਇੰਸਪੈਕਟਰ ਅਵਨੀਤ ਕੌਰ ਨੇ ਦੱਸਿਆ ਕਿ ਲਾਸ਼ ਨੂੰ ਬਾਹਰ ਕੱਢ ਲਿਆ ਗਿਆ ਹੈ ਪਰ ਲਾਸ਼ ਲੈਣ ਕੋਈ ਨਹੀਂ ਆਇਆ। ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ। ਪੁਲੀਸ ਵੱਲੋਂ ਮਿ੍ਰਤਕ ਦੀ ਪਛਾਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।