ਜੋਗਿੰਦਰ ਸਿੰਘ ਮਾਨ
ਮਾਨਸਾ, 19 ਸਤੰਬਰ
ਇਥੋਂ ਨੇੜਲੇ ਪਿੰਡ ਭੈਣੀਬਾਘਾ ਵਿੱਚ ਦੋ ਸਕੇ ਭਰਾਵਾਂ ਦੀ ਮਾਮੂਲੀ ਗੱਲ ’ਤੇ ਹੋਈ ਤਕਰਾਰ ਵਿੱਚ ਭਤੀਜੇ ਦੀ ਮੌਤ ਹੋ ਗਈ ਹੈ, ਜਦੋਂ ਕਿ ਵੱਡੇ ਭਰਾ ਜ਼ਖ਼ਮੀ ਹੋ ਗਿਆ ਉਸ ਨੂੰ ਮਾਨਸਾ ਤੋਂ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਪੁਲੀਸ ਨੇ ਹਸਪਤਾਲ ਵਿਚ ਦਾਖ਼ਲ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਦੇਰ ਰਾਤ ਮਾਨਸਾ ਦੇ ਪਿੰਡ ਭੈਣੀਬਾਘਾ ਵਿੱਚ ਮੱਖਣ ਸਿੰਘ ਦੀ ਛੋਟੇ ਭਰਾ ਅਵਤਾਰ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਗੱਲ ਹੱਥੋਂ-ਪਾਈ ਤੱਕ ਪਹੁੰਚ ਗਈ ਤੇ ਮਗਰੋਂ ਦੋਵੇਂ ਧਿਰਾਂ ਡਾਂਗਾਂ ਤੇ ਗੰਡਾਸੇ ਲੈ ਕੇ ਆਹਮੋ-ਸਾਹਮਣੇ ਹੋ ਗਈਆਂ। ਅਵਤਾਰ ਸਿੰਘ ਨੇੇ ਵੱਡੇ ਭਰਾ ਮੱਖਣ ਸਿੰਘ ਅਤੇ ਉਸ ਦੇ ਪੁੱਤਰ ਜਸਪ੍ਰੀਤ ਸਿੰਘ (28) ’ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਪਿਉ-ਪੁੱਤ ਜ਼ਖ਼ਮੀ ਹੋ ਗਏ। ਪਿੰਡ ਦੇ ਲੋਕਾਂ ਅਤੇ ਹੋਰ ਸਕੇ-ਸਬੰਧੀਆਂ ਨੇ ਦੋਵਾਂ ਨੂੰ ਇਲਾਜ ਲਈ ਮਾਨਸਾ ਹਸਪਤਾਲ ਲਿਆਂਦਾ, ਜਿੱਥੇ ਇਲਾਜ ਦੌਰਾਨ ਜਸਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਪੀੜਤ ਨੌਜਵਾਨ ਦੇ ਪਿਤਾ ਮੱਖਣ ਸਿੰਘ ਨੂੰ ਗੰਭੀਰ ਸੱਟਾਂ ਕਾਰਨ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਸਦਰ ਥਾਣਾ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਵਤਾਰ ਸਿੰਘ ਵੀ ਹਸਪਤਾਲ ਦਾਖ਼ਲ ਹੋ ਗਿਆ, ਜਿਸ ਨੂੰ ਪੁਲੀਸ ਹਿਰਾਸਤ ਵਿੱਚ ਲੈ ਕੇ ਉਥੇ ਪਹਿਰੇਦਾਰੀ ਕਰ ਦਿੱਤੀ ਗਈ ਹੈ।
ਸਿਰ ’ਚ ਘੋਟਣਾ ਮਾਰ ਕੇ ਭਰਾ ਦਾ ਕਤਲ
ਚੇਤਨਪੁਰਾ (ਰਣਬੀਰ ਸਿੰਘ ਮਿੰਟੂ):
ਅੰਮ੍ਰਿਤਸਰ ਦਿਹਾਤੀ ਹੇਠ ਆਉਂਦੇ ਥਾਣਾ ਝੰਡੇਰ ਅਧੀਨ ਪੈਂਦੇ ਪਿੰਡ ਸੈਸਰਾ ਕਲਾਂ ਵਿੱਚ ਸਕੇ ਭਰਾ ਦਾ ਘੋਟਣਾ ਮਾਰ ਕੇ ਕਤਲ ਕਰ ਦਿੱਤਾ। ਪਿੰਡ ਸੈਂਸਰਾ ਕਲਾਂ ਦੇ ਬਲਬੀਰ ਸਿੰਘ ਦੀ ਆਪਣੇ ਵੱਡੇ ਭਰਾ ਨਿਰਮਲ ਸਿੰਘ ਨਾਲ ਪੈਸਿਆਂ ਦੇ ਲੈਣ-ਦੇਣ ਤੋਂ ਤਕਰਾਰ ਹੋ ਗਈ। ਇਸ ਦੌਰਾਨ ਬਲਬੀਰ ਸਿੰਘ ਨੇ ਨਿਰਮਲ ਸਿੰਘ ਉੱਤੇ ਘੋਟਣੇ ਦੇ ਵਾਰ ਕੀਤੇ ਤੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।