ਨਵੀਂ ਦਿੱਲੀ, 20 ਸਤੰਬਰ
ਸੁਪਰੀਮ ਕੋਰਟ ਨੇ ਮੀਡੀਆ ਵਿਚ ਨਸ਼ਰ ਕਰਨਾਟਕ ਹਾਈ ਕੋਰਟ ਦੇ ਜਸਟਿਸ ਵੀ.ਸ੍ਰੀਸ਼ਾਨੰਦ ਦੀ ਇਸ ਵਿਵਾਦਿਤ ਟਿੱਪਣੀ ਕਿ ਬੰਗਲੂਰੂ ਦਾ ਮੁਸਲਿਮ ਬਹੁਗਿਣਤੀ ਵਾਲਾ ਇਕ ਇਲਾਕਾ ਪਾਕਿਸਤਾਨ ਵਿਚ ਸੀ, ਦਾ ‘ਆਪੂੰ’ ਨੋਟਿਸ ਲੈਂਦਿਆਂ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਤੋਂ ਦੋ ਦਿਨਾਂ ਅੰਦਰ ਰਿਪੋਰਟ ਮੰਗ ਲਈ ਹੈ। ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਬੈਂਚ ਨੇ ਕਿਹਾ, ‘‘ਹਾਈ ਕੋਰਟ ਦੇ ਰਜਿਸਟਰਾਰ ਜਨਰਲ ਤੋਂ ਰਿਪੋਰਟ ਮੰਗੇ ਜਾਣ ਮਗਰੋਂ ਸਾਨੂੰ ਬੁਨਿਆਦੀ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਹੋਣਗੇ।’’ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਜਸਟਿਸ ਸ੍ਰੀਸ਼ਾਨੰਦ ਇਹ ਕਹਿੰਦੇ ਨਜ਼ਰ ਆਉਂਦੇ ਹਨ, ‘‘ਮੈਸੂਰੂ ਰੋਡ ਫਲਾਈਓਵਰ ’ਤੇ ਚਲੇ ਜਾਓ। ਹਰੇਕ ਆਟੋ-ਰਿਕਸ਼ੇ ’ਚ ਦਸ ਵਿਅਕਤੀ ਬੈਠੇ ਨਜ਼ਰ ਆਉਂਦੇ ਹਨ। ਇਥੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਕਿਉਂਕਿ ਗੋਰੀ ਪਾਲਿਆ ਤੋਂ ਮੈਸੂਰੂ ਫਲਾਈਓਵਰ ਅੱਗੇ ਫਲਾਵਰ ਮਾਰਕੀਟ ਤੱਕ ਦਾ ਇਲਾਕਾ ਪਾਕਿਸਤਾਨ ਵਿਚ ਹੈ…ਭਾਰਤ ਵਿਚ ਨਹੀਂ। ਇਹ ਹਕੀਕਤ ਹੈ। ਤੁਸੀਂ ਕਿੰਨਾ ਵੀ ਸਖ਼ਤ ਪੁਲੀਸ ਅਧਿਕਾਰੀ ਲਾ ਦਿਓ, ਉਸ ਨਾਲ ਉਥੇ ਕੁੱਟਮਾਰ ਕੀਤੀ ਜਾਵੇਗੀ।’’ ਇਸ ਦੌਰਾਨ ਇਕ ਹੋਰ ਵੀਡੀਓ ਵਿਚ ਜੱਜ ਸ੍ਰੀਸ਼ਾਨੰਦ ਨੂੰ ਮਹਿਲਾ ਵਕੀਲ ਖਿਲਾਫ਼ ਬੇਤੁਕੀਆਂ ਟਿੱਪਣੀਆਂ ਕਰਦਿਆਂ ਵੀ ਦੇਖਿਆ ਗਿਆ ਸੀ। ਬੈਂਚ, ਜਿਸ ਵਿਚ ਜਸਟਿਸ ਸੰਜੀਵ ਖੰਨਾ, ਜਸਟਿਸ ਬੀਆਰ ਗਵਈ, ਜਸਟਿਸ ਸੂਰਿਆ ਕਾਂਤ ਤੇ ਜਸਟਿਸ ਰਿਸ਼ੀਕੇਸ਼ ਰਾਏ ਸ਼ਾਮਲ ਸਨ, ਨੇ ਕਿਹਾ, ‘ਸਾਨੂੰ ਕੁਝ ਬੁਨਿਆਦੀ ਦਿਸ਼ਾ-ਨਿਰਦੇਸ਼ ਨਿਰਧਾਰਿਤ ਕਰਨੇ ਹੋਣਗੇ।’ ਸੀਜੇਆਈ ਨੇ ਕਿਹਾ ਕਿ ਰਿਪੋਰਟ ਦਾਖ਼ਲ ਕਰਨ ਦਾ ਅਮਲ ਦੋ ਦਿਨਾਂ ਵਿਚ ਪੂਰਾ ਕੀਤਾ ਜਾਵੇ ਤੇ ਰਿਪੋਰਟ ਸਿਖਰਲੀ ਕੋਰਟ ਦੇ ਸਕੱਤਰ ਜਨਰਲ ਕੋਲ ਦਾਖ਼ਲ ਕੀਤੀ ਜਾਵੇਗੀ। ਪਟੀਸ਼ਨ ’ਤੇ ਅਗਲੀ ਸੁਣਵਾਈ ਬੁੱਧਵਾਰ ਨੂੰ ਹੋਵੇਗੀ। ਅਦਾਲਤੀ ਕਾਰਵਾਈ ਦੀ ਵਾਇਰਲ ਵੀਡੀਓ ਵਿਚ ਜੱਜ ਮਹਿਲਾ ਵਕੀਲ ਨੂੰ ਤਾੜਨਾ ਕਰਦਾ ਨਜ਼ਰ ਆ ਰਿਹਾ ਹੈ ਤੇ ਇਸ ਦੌਰਾਨ ਕਥਿਤ ਕੁਝ ਇਤਰਾਜ਼ਯੋਗ ਟਿੱਪਣੀਆਂ ਵੀ ਕੀਤੀਆਂ ਗਈਆਂ ਹਨ। ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਐਕਸ ’ਤੇ ਪੋਸਟ ਵਿਚ ਸੀਜੇਆਈ ਨੂੰ ਹਾਈ ਕੋਰਟ ਦੇ ਜੱਜ ਵੱਲੋਂ ਮਹਿਲਾ ਵਕੀਲ ਖਿਲਾਫ਼ ਕੀਤੀਆਂ ਟਿੱਪਣੀਆਂ ਦਾ ‘ਖੁਦ’ ਨੋਟਿਸ ਲੈਣ ਦੀ ਅਪੀਲ ਕੀਤੀ ਸੀ। -ਪੀਟੀਆਈ