ਇਟਾਵਾ (ਉੱਤਰ ਪ੍ਰੇਰਕ): ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਪਿੰਡ ’ਚ ਤਿੰਨ ਧੀਆਂ ਮਗਰੋਂ ਚੌਥੀ ਧੀ ਦਾ ਜਨਮ ਹੋਣ ਤੋਂ ਨਿਰਾਸ਼ ਪਿਤਾ ਨੇ ਮਹੀਨੇ ਦੀ ਬੱਚੀ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ। ਐੱਸਐੱਸਪੀ ਸੰਜੈ ਕੁਮਾਰ ਵਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਥਾਣਾ ਭਰਥਨਾ ਖੇਤਰ ਅਧੀਨ ਆਉਂਦੇ ਪਿੰਡ ’ਚ ਬਬਲੂ ਕੁਮਾਰ ਦਿਵਾਕਰ ਨੂੰ ਪੁੱਤ ਦੀ ਆਸ ਸੀ ਪਰ ਚੌਥੀ ਔਲਾਦ ਵੀ ਧੀ ਹੋਣ ਤੋਂ ਨਿਰਾਸ਼ ਹੋ ਕੇ ਐਤਵਾਰ ਨੂੰ ਨਸ਼ੇ ਦੀ ਹਾਲਤ ’ਚ ਮਹੀਨੇ ਦੀ ਬੱਚੀ ਨੂੰ ਉਸ ਦੀ ਮਾਂ ਦੀ ਗੋਦੀ ’ਚੋਂ ਖੋਹ ਕੇ ਜ਼ਮੀਨ ’ਤੇ ਪਟਕ ਦਿੱਤਾ। ਬੱਚੀ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਬਬਲੂ ਦੀ ਪਤਨੀ ਦੀਪੂ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ