ਕੁਲਵਿੰਦਰ ਕੌਰ
ਫਰੀਦਾਬਾਦ, 20 ਸਤੰਬਰ
ਵਿਧਾਨ ਸਭਾ ਹਲਕਾ ਬੜਖਲ ਤੋਂ ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਨੇ ਐੱਨਆਈਟੀ 3 ਪਾਰਕ ਚਿਮਨੀਬਾਈ ਚੌਕ, 3 ਨੰਬਰ ਮਾਰਕੀਟ ਜੀ ਬਲਾਕ, ਮੈਟਰੋ ਗਾਰਡਨ, ਨਹਿਰੂ ਕਲੋਨੀ, 5 ਐਨ ਬਲਾਕ, ਨਿਸ਼ਨ ਹੱਟ ਐੱਨਆਈਟੀ 5, ਹੋਪ ਜਿਮ ਐੱਨਆਈਟੀ 5 ਵਿੱਚ ਚੋਣ ਮੀਟਿੰਗਾਂ ਕੀਤੀਆਂ। ਉਨ੍ਹਾਂ ਹੋਪ ਜਿਮ ਵਿਖੇ ਨੌਜਵਾਨਾਂ ਨੂੰ ਕਿਹਾ ਕਿ ਸਪੋਰਟਸ ਹੱਬ ਸ਼ਹਿਰ ਵਿੱਚ ਕਾਇਮ ਕੀਤੀ ਜਾਣੀ ਚਾਹੀਦੀ ਹੈ। ਫਰੂਟ ਗਾਰਡਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਰਪ੍ਰਸਤ ਆਰ ਕੇ ਮਲਿਕ, ਸੁਨੀਲ ਕੁਮਾਰ, ਜੋਗਿੰਦਰ ਤੇ ਵਿਨੋਦ ਕਾਠਪਾਲ ਨੇ ਉਨ੍ਹਾਂ ਨੂੰ ਸਮਰਥਨ ਦਿੱਤਾ। ਉਨ੍ਹਾਂ ਸੈਕਟਰ-21 ਸੀ ਮਾਰਕੀਟ, ਸੈਕਟਰ-21 ਡੀ, ਸੈਕਟਰ-21 ਏ, ਮਹਿਤੂ ਡੇਰਾ ਲੱਕੜਪੁਰ, ਸੈਕਟਰ-21 ਬੀ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਬੜਖਲ ਝੀਲ ਨੂੰ ਭਰਨ ਦੇ ਨਾਂ ’ਤੇ 200 ਕਰੋੜ ਰੁਪਏ ਖਰਚ ਕੀਤੇ ਗਏ ਪਰ ਝੀਲ ਗੰਦੇ ਸੀਵਰੇਜ ਦੇ ਪਾਣੀ ਨਾਲ ਭਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪਹਾੜਾਂ ਵਿੱਚ ਬੜਖਲ ਝੀਲ ਤੋਂ ਵੀ ਵੱਡੀਆਂ ਝੀਲਾਂ ਬਣ ਚੁੱਕੀਆਂ ਹਨ। ਸੂਬੇ ’ਚ ਕਾਂਗਰਸ ਦੀ ਸਰਕਾਰ ਆਉਣ ’ਤੇ ਉਨ੍ਹਾਂ ਝੀਲਾਂ ਦਾ ਪਾਣੀ ਝੀਲ ’ਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਬਹੁਤ ਪੱਛੜ ਗਏ ਹਾਂ। ਦਸ ਸਾਲ ਪਹਿਲਾਂ ਫਰੀਦਾਬਾਦ ਨੋਇਡਾ ਅਤੇ ਗੁੜਗਾਉਂ ਨਾਲੋਂ ਬਿਹਤਰ ਸੀ ਪਰ ਅੱਜ ਸ਼ਹਿਰ ਦੀ ਹਾਲਤ ਬਦਤਰ ਹੈ।
ਵਿਜੈ ਨੇ ਕਿਹਾ ਕਿ ਪਿਛਲੇ ਦਸ ਸਾਲਾਂ ’ਚ ਭਾਜਪਾ ਸਰਕਾਰ ਵਿੱਚ ਬੈਠੇ ਲੋਕਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਹੀਂ ਸਮਝਿਆ। ਅੱਜ ਸ਼ਹਿਰ ਦੀ ਹਾਲਤ ਲਈ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਹ ਆਪਣਾ ਚਿਹਰਾ ਬਦਲ ਕੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੀ। ਲੋਕਾਂ ਨੂੰ ਸਹੂਲਤਾਂ ਦੇਣ ਦੀ ਵਿਉਂਤਬੰਦੀ ਉਨ੍ਹਾਂ ਦੀ ਸੋਚ ਅਤੇ ਦੂਰਅੰਦੇਸ਼ੀ ਵਿੱਚ ਨਹੀਂ ਹੈ।