ਪੱਤਰ ਪ੍ਰੇਰਕ
ਰੂੜੇਕੇ ਕਲਾਂ, 21 ਸਤੰਬਰ
ਥਾਣਾ ਰੂੜੇਕੇ ਕਲਾਂ ਦੀ ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਇੱਕ ਸਕਾਰਪੀਓ ਗੱਡੀ , ਨਕਦੀ ਅਤੇ ਵਾਰਦਾਤ ਲਈ ਵਰਤੇ ਗਏ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਥਾਣਾ ਰੂੜੇਕੇ ਕਲਾਂ ਵਿੱਚ ਡੀਐੱਸਪੀ ਤਪਾ ਗੁਰਬਿੰਦਰ ਸਿੰਘ ਅਤੇ ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ 19 ਸਤੰਬਰ ਦੀ ਰਾਤ ਨੂੰ ਪਿੰਡ ਧੌਲਾ ਨੇੜੇ ਆਈਸ ਕਰੀਮ ਦਾ ਕੰਮ ਕਰਦੇ ਭੈਰੂ ਲਾਲ ਵਾਸੀ ਰਾਜਸਥਾਨ ਕੋਲੋਂ ਹਥਿਆਰਾਂ ਦੀ ਨੋਕ ’ਤੇ ਨਕਦੀ ਲੁੱਟਣ ਦੀ ਸ਼ਿਕਾਇਤ ਮਿਲੀ ਸੀ। ਇਸ ’ਤੇ ਪੁਲੀਸ ਨੇ ਮੁਸਤੈਦੀ ਵਰਤਦਿਆਂ ਕੁਝ ਸਮੇਂ ਵਿੱਚ ਚਾਰ ਮੁਲਜ਼ਮਾਂ ਨੂੰ ਸਕਾਰਪੀਓ ਗੱਡੀ ਸਮੇਤ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਹਰਜਸ ਸਿੰਘ ਵਾਸੀ ਧੂਰਕੋਟ, ਲਵਪ੍ਰੀਤ ਸਿੰਘ ਉਰਫ ਕਾਲੀ ਵਾਸੀ ਪੱਤੀ ਢਿਲਵਾਂ, ਜਸਕਰਨ ਸਿੰਘ ਵਾਸੀ ਕਾਹਨੇਕੇ, ਹਰਪ੍ਰੀਤ ਸਿੰਘ ਵਾਸੀ ਕਾਹਨੇਕੇ ਵਜੋਂ ਹੋਈ।