ਖਰੜ: ਖਰੜ ਦੇ ਸਨੀ ਐਨਕਲੇਵ ਵਿੱਚ ਸਥਿਤ ਸ੍ਰੀ ਸਨਾਤਨ ਧਰਮ ਮੰਦਰ ਵਿੱਚੋਂ ਬੀਤੀ ਰਾਤ ਚੋਰਾਂ ਨੇ ਮੰਦਰ ਵਿੱਚ ਸਥਾਪਤ ਕੀਤੀਆਂ 12 ਵੱਖ-ਵੱਖ ਮੂਰਤੀਆਂ ਦੇ ਚਾਂਦੀ ਦੇ ਮੁਕਟ ਚੋਰੀ ਕਰ ਲਏ ਹਨ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੰਦਰ ਵਿੱਚ ਚੌਕੀਦਾਰ ਵੀ ਮੌਜੂਦ ਸੀ ਪਰ ਫਿਰ ਵੀ ਚੋਰਾਂ ਨੇ ਇੱਕ ਤਾਕੀ ਦਾ ਸ਼ੀਸ਼ਾ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਮੁਕਟਾਂ ਦੀ ਕੀਮਤ ਡੇਢ 2 ਲੱਖ ਰੁਪਏ ਦੇ ਕਰੀਬ ਹੈ। ਮੰਦਰ ਦੇ ਪ੍ਰਧਾਨ ਕੇਕੇ ਸ਼ਰਮਾ ਨੇ ਦੱਸਿਆ ਕਿ ਵਾਰਦਾਤ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈਆਂ ਹਨ। ਖਰੜ ਦੇ ਡੀਐੱਸਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ