ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਸਤੰਬਰ
ਸਥਾਨਕ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿੱਚ ‘ਇਕ ਰੁੱਖ ਮਾਂ ਦੇ ਨਾਮ’ ਮੁਹਿੰਮ ਤਹਿਤ ਅੱਜ ਬੂਟੇ ਲਗਾਏ ਗਏ। ਇਹ ਮੁਹਿੰਮ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਸਾਲਾਨਾ ਖੇਤਰੀ ਕਾਰਜਸ਼ਾਲਾ ਦੌਰਾਨ ਆਰੰਭੀ ਗਈ, ਜਿਸ ਦਾ ਉਦਘਾਟਨ ਖੇਤੀਬਾੜੀ ਵਿਗਿਆਨੀ ਭਰਤੀ ਬੋਰਡ ਦੇ ਚੇਅਰਮੈਨ ਡਾ. ਸੰਜੈ ਕੁਮਾਰ ਅਤੇ ਉਪ-ਮਹਾਂਨਿਰਦੇਸ਼ਕ (ਖੇਤੀਬਾੜੀ ਪਸਾਰ) ਡਾ. ਊਧਮ ਸਿੰਘ ਗੌਤਮ ਤੇ ਨਿਰਦੇਸ਼ਕ ਖੇਤੀਬਾੜੀ ਤਕਨਾਲੋਜੀ ਵਰਤੋਂ ਖੋਜ ਸੰਸਥਾ ਡਾ. ਪਰਵੇਂਦਰ ਸ਼ੇਰੋਨ ਨੇ ਕੀਤਾ। ਇਸ ਮੌਕੇ ਉਨ੍ਹਾਂ ਵਾਤਾਵਰਣ ਦੀ ਮਹੱਤਤਾ ਬਾਰੇ ਸਾਂਝੇ ਯਤਨਾਂ ਦੀ ਲੋੜ ਤੇ ਵੀ ਜ਼ੋਰ ਦਿੱਤਾ। ’ਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸਿਰਫ ਬੂਟੇ ਲਗਾਉਣਾ ਨਹੀਂ, ਸਗੋਂ ਭਵਿੱਖੀ ਪੀੜ੍ਹੀਆਂ ਲਈ ਹਰਿਆ ਭਰਿਆ ਤੇ ਸਾਫ-ਸੁੱਥਰਾ ਵਾਤਾਵਰਣ ਦੇਣਾ ਵੀ ਹੈ। ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਮਿਲਖ ਅਫ਼ਸਰ ਡਾ. ਪਰਕਾਸ਼ ਸਿੰਘ ਬਰਾੜ ਨੇ ਦੱਸਿਆ ਕਿ ਮੁਹਿੰਮ ਤਹਿਤ 250 ਬੂਟੇ ਲਗਾਏ ਜਾਣਗੇ। ਉਨ੍ਹਾਂ ਨੇ ਯੂਨੀਵਰਸਿਟੀ ਦੇ ਲੈਂਡਸਕੇਪ ਵਿੰਗ ਨੂੰ ਵਧਾਈ ਦਿੱਤੀ।