ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਸਤੰਬਰ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਲੁਧਿਆਣਾ ਇਕਾਈ ਦੀ ਅਹਿਮ ਮੀਟਿੰਗ ਵਿੱਚ ਆਗੂਆਂ ਨੇ ਪੰਜਾਬ ਦੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਤੱਥਾਂ ਦੀ ਜਾਂਚ ਪੜਤਾਲ ਕੀਤੇ ਬਗੈਰ ਗ੍ਰਿਫ਼ਤਾਰ ਕਰਨ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ ਦੱਸਿਆ ਹੈ। ਸੁਸਾਇਟੀ ਦੇ ਜਥੇਬੰਦਕ ਮੁੱਖੀ ਜਸਵੰਤ ਜ਼ੀਰਖ, ਧਰਮਪਾਲ ਸਿੰਘ, ਹਰਚੰਦ ਭਿੰਡਰ, ਸਮਸ਼ੇਰ ਨੂਰਪੁਰੀ, ਰਾਜਿੰਦਰ ਜੰਡਿਆਲੀ ਨੇ ਦੋਸ਼ ਲਾਇਆ ਕਿ ਪੁਲੀਸ ਵੱਲੋਂ ਤੱਥਾਂ ਦੀ ਪੜਤਾਲ ਕੀਤੇ ਬਗੈਰ ਹੀ ਫਿਰਕੂ ਸੰਗਠਨਾਂ ਦੇ ਦਬਾਅ ਹੇਠ ਸਮਾਜ ਨੂੰ ਚੇਤਨ ਕਰਨ ਵਾਲੇ ਅਗਾਂਹਵਧੂ ਲੇਖਕਾਂ, ਪੱਤਰਕਾਰਾਂ, ਤਰਕਸ਼ੀਲਾਂ ਅਤੇ ਸਮਾਜਿਕ ਕਾਰਕੁਨਾਂ ਖ਼ਿਲਾਫ਼ ਧਾਰਾ 196 ਅਤੇ 299 ਤਹਿਤ ਝੂਠੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨਾ ਭਾਰਤੀ ਸੰਵਿਧਾਨ ਦੀ ਧਾਰਾ 19 ਤਹਿਤ ਮਿਲੇ ਨਾਗਰਿਕਾਂ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਬੁਨਿਆਦੀ ਹੱਕ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਇਸ ਕਾਰਵਾਈ ਨੂੰ ਸਮਾਜਿਕ ਕਾਰਕੁਨਾਂ ਦੀ ਜ਼ੁਬਾਨਬੰਦੀ ਦੱਸਦਿਆਂ ਸ੍ਰੀ ਮਾਲੀ ’ਤੇ ਦਰਜ ਕੇਸ ਰੱਦ ਕਰਕੇ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।