ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਸਤੰਬਰ
ਬੁੱਢੇ ਦਰਿਆ ਅਤੇ ਸਤਲੁਜ ਵਿੱਚੋਂ ਪ੍ਰਦੂਸ਼ਣ ਦੇ ਖਾਤਮੇ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਵਾਤਾਵਰਣ ਪ੍ਰੇਮੀਆਂ ਅਤੇ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਬਣਾਏ ‘ਕਾਲੇ ਪਾਣੀ ਦਾ ਮੋਰਚਾ’ ਵੱਲੋਂ ਬੁੱਢੇ ਦਰਿਆ ਦੀ ਸਮੱਸਿਆ ਦੇ ਹੱਲ ਲਈ ਮੁੱਖ ਮੰਤਰੀ ਵੱਲੋਂ ਸੁਝਾਏ ਗਏ ਓਜ਼ੋਨ ਟਰੀਟਮੈਂਟ ਨੂੰ ਸਟੰਟ ਦੱਸਿਆ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੋਰਚੇ ਵੱਲੋਂ ਮੁੱਖ ਮੰਤਰੀ ਦਫਤਰ ਨੂੰ ਪੱਤਰ ਲਿਖ ਕੇ ਕੁੱਝ ਸਵਾਲਾਂ ਦੇ ਜਵਾਬ ਮੰਗੇ ਹਨ। ਮੁੱਖ ਮੰਤਰੀ ਦਫ਼ਤਰ ਨੂੰ ਭੇਜੇ ਪੱਤਰ ਵਿੱਚ ਮੋਰਚੇ ਨੇ ਓਜ਼ੋਨ ਟਰੀਟਮੈਂਟ ਨੂੰ ਪੀਆਰ ਸਟੰਟ ਦੱਸਦਿਆਂ ਰੋਸ ਪ੍ਰਗਟਾਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਅਜਿਹੇ ਤਜਰਬੇ ਦੀ ਉਡੀਕ ਕਿਉਂ ਕਰਨੀ ਚਾਹੀਦੀ ਹੈ ਜਦਕਿ ਬੁੱਢੇ ਦਰਿਆ ਤੋਂ ਬਾਅਦ ਸਤਲੁਜ ਵਿੱਚ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ ਅਤੇ ਉਹ ਅੱਗੋਂ ਲੋਕਾਂ ਨੂੰ ਬਿਮਾਰੀਆਂ ਵੰਡ ਰਿਹਾ ਹੈ। ਪੱਤਰ ਵਿੱਚ ਇਹ ਵੀ ਲਿਖਿਆ ਕਿ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਬੁੱਢੇ ਦਰਿਆ ਦੇ ਪਾਣੀ ਨੂੰ ਸਾਫ ਕਰਨ ਲਈ ਗਰੀਨ ਬ੍ਰਿਜ ਲੈ ਕੇ ਆਏ ਸਨ ਜਿਸ ਨਾਲ ਨਾ ਸਿਰਫ ਸਮਾਂ ਸਗੋਂ ਲੋਕਾਂ ਦਾ ਟੈਕਸਾਂ ਦੇ ਰੂਪ ਵਿੱਚ ਦਿੱਤਾ ਪੈਸਾ ਬਰਬਾਦ ਹੋਇਆ ਸੀ। ਇਸ ਲਈ ਲੋਕ ਹੋਰ ਸਮਾਂ ਅਤੇ ਪੈਸਾ ਬਰਬਾਦ ਕਿਉਂ ਕਰਨ। ਇਸ ਤੋਂ ਇਲਾਵਾ ਮੋਰਚੇ ਵੱਲੋਂ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਲੈ ਕੇ ਹੋਰ ਕਈ ਸਵਾਲ ਸਰਕਾਰ ਦੇ ਸਾਹਮਣੇ ਰੱਖੇ ਹਨ।