ਡਾ. ਛਿੰਦਰਪਾਲ ਕੌਰ
ਡੈਪੂਟੇਸ਼ਨ ਰੱਦ ਹੋਣ ਤੋਂ ਬਾਅਦ ਜਦੋਂ ਮੈਂ ਦੁਬਾਰਾ ਪੁਰਾਣੇ ਸਕੂਲ ਗਈ ਤਾਂ ਸਭ ਤੋਂ ਵੱਡੀ ਚਿੰਤਾ ਇਹ ਹੋ ਗਈ ਕਿ ਉੱਥੇ ਰਹਾਂਗੀ ਕਿੱਥੇ। ਮੇਰੇ ਪਤੀ ਮੇਰੇ ਨਾਲ ਸਨ। ਉਨ੍ਹਾਂ ਦੇ ਲੱਖ ਭਰੋਸਾ ਦਿਵਾਉਣ ’ਤੇ ਵੀ ਦਿਲ ਨੂੰ ਕੋਈ ਢਾਰਸ ਨਹੀਂ ਸੀ ਬੱਝ ਰਿਹਾ। ਇਸ ਦਾ ਕਾਰਨ ਇਹ ਸੀ ਕਿ ਮੈਂ ਆਪਣੀ ਨਵੀਂ ਜੁਆਇਨਿੰਗ ਹੋਣ ਵੇਲੇ ਤੋਂ ਹੀ ਰਹਿਣ ਦੇ ਮਾਮਲੇ ਵਿੱਚ ਸੰਤੁਸ਼ਟ ਨਹੀਂ ਸਾਂ। ਸਕੂਲ ’ਚ ਹਾਜ਼ਰ ਹੋਣ ਤੋਂ ਬਾਅਦ ਪਿੰਡ ਦੇ ਕੁਝ ਘਰਾਂ ’ਚ ਪਤਾ ਕੀਤਾ ਪਰ ਕਿਸੇ ਹੱਥ ਨਾ ਫੜਾਇਆ। ਘੁੰਮਦੇ-ਘੁੰਮਾਉਂਦੇ ਇੱਕ ਅਜਿਹੇ ਘਰ ਪਹੁੰਚ ਗਏ ਜਿੱਥੇ ਇੱਕ 70 ਸਾਲਾ ਬਿਰਧ ਔਰਤ ਇਕੱਲੀ ਰਹਿੰਦੀ ਸੀ। ਹਾਲ-ਚਾਲ ਪੁੱਛਣ ਤੋਂ ਬਾਅਦ ਅਸੀਂ ਅਸਲ ਗੱਲ ’ਤੇ ਆ ਗਏ। ਅਸੀਂ ਬਿਰਧ ਔਰਤ ਨੂੰ ਦੱਸਿਆ ਕਿ ਮੈਂ ਇਸੇ ਪਿੰਡ ਦੇ ਸਕੂਲ ’ਚ ਅਧਿਆਪਕ ਹਾਂ, ਰਹਿਣ ਲਈ ਕਮਰਾ ਚਾਹੀਦਾ ਹੈ। ਪਹਿਲੀ ਨਜ਼ਰੇ ਦੇਖਣ ਨੂੰ ਮੈਨੂੰ ਇਹ ਔਰਤ ਸ਼ੱਕੀ ਵੀ ਜਾਪੀ ਅਤੇ ਉਦਾਸੀ ਜਿਹੀ ਵੀ। ‘‘ਤੇਰਾ ਘਰ ਐ ਪੁੱਤ, ਜੀ ਸਦਕੇ ਰਹੋ। ਵੈਸੇ ਵੀ ਪੁੱਤ ਪਿਛਲੇ ਵੀਹ ਸਾਲਾਂ ਤੋਂ ਇਹ ਘਰ, ਘਰ ਨਹੀਂ ਰਿਹਾ। ਮਹਿਲ ਵਰਗਾ ਘਰ ਛੱਤ ਕੇ ਆਪ ਮੇਰਾ ਇਕਲੌਤਾ ਪੁੱਤ ਬਾਹਰ ਚਲਾ ਗਿਆ, ਹੁਣ ਪੰਜੀਂ ਚੌਹੀਂ ਸਾਲੀਂ ਗੇੜਾ ਮਾਰਦੈ, ਵੀਡੀਓ ਕਾਲ ਕਰ ਲੈਂਦੈ।’’ ਇਹ ਸਾਰੀਆਂ ਗੱਲਾਂ ਉਸ ਨੇ ਇੱਕੋ ਵਾਰੀ ਸਾਡੇ ਵੱਲ ਵਗਾਹ ਮਾਰੀਆਂ। ਜਿਵੇਂ ਸਾਲਾਂ ਦੀ ਇਨ੍ਹਾਂ ਹੀ ਗੱਲਾਂ ਹੇਠ ਦੱਬੀ ਪਈ ਹੋਵੇ। ਚਲੋ, ਰਹਿਣ ਦਾ ਇੰਤਜ਼ਾਮ ਤਾਂ ਹੋ ਗਿਆ ਪਰ ਮੈਨੂੰ ਕਈ ਹੋਰ ਗੱਲਾਂ ਨੇ ਆਣ ਘੇਰਿਆ। ਅਸੀਂ ਦੋਵਾਂ ਨੇ ਰਾਤ ਦਾ ਖਾਣਾ ਖਾਧਾ। ਖਾਣਾ ਮੈਂ ਆਪ ਬਣਾਇਆ। ਉਨ੍ਹਾਂ ਖਾਣਾ ਬੜੀ ਰੂਹ ਨਾਲ ਖਾਧਾ। ‘‘ਪੁੱਤ, ਮੈਂ ਤਾਂ ਸ਼ਾਮ ਨੂੰ ਖਾਣਾ ਬਣਾਉਂਦੀ ਹੀ ਨਹੀਂ, ਸ਼ਾਮ ਨੂੰ ਹਿੰਮਤ ਨਹੀਂ ਰਹਿੰਦੀ ਮੇਰੇ ’ਚ। ਗੁਆਂਢੀਆਂ ਦੀ ਕੁੜੀ ਆਉਂਦੀ ਐ, ਉਹ ਦੁੱਧ ਦਾ ਗਿਲਾਸ ਦੇ ਜਾਂਦੀ ਐ, ਨਾਲ ਇੱਕ ਦੋ ਰਸ ਖਾ ਲੈਂਦੀ ਆਂ। ਜਿਊਂਦੀ ਰਹਿ ਧੀਏ, ਅੱਜ ਮੈਨੂੰ ਬੜੇ ਚਿਰ ਬਾਅਦ ਚੰਗਾ ਚੰਗਾ ਲੱਗਿਆ। ਕਦੇ ਸਮਾਂ ਸੀ ਪੁੱਤ, ਜਦੋਂ ਇਸ ਘਰ ’ਚ ਬੜੀ ਚਹਿਲ-ਪਹਿਲ ਹੁੰਦੀ ਸੀ। ਮੇਰੀਆਂ ਤਿੰਨ ਧੀਆਂ ਹਨ। ਉਦੋਂ ਘਰ ਸਾਡਾ ਬੜਾ ਛੋਟਾ ਜਿਹਾ ਸੀ ਪਰ ਖ਼ੁਸ਼ੀਆਂ ਬਹੁਤ ਸਨ। ਇਨ੍ਹਾਂ ਦੇ ਪਾਪਾ ਤਾਂ ਬੜੇ ਸਾਲ ਪਹਿਲਾਂ ਹੀ ਦੁਨੀਆ ’ਚੋਂ ਚਲੇ ਗਏ ਸਨ। ਮੈਂ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ। ਰੀਸੋ-ਰੀਸੀ ਬੱਚਿਆਂ ਨੇ ਬਾਹਰ ਜਾਣ ਦਾ ਮਨ ਬਣਾ ਲਿਆ। ਮੈਂ ਵੀ ਬੱਚਿਆਂ ਨਾਲ ਬਹੁਤੀ ਜ਼ਿੱਦ ਨਹੀਂ ਕੀਤੀ, ਬਾਹਰ ਭੇਜ ਦਿੱਤੇ। ਹੁਣ ਚਾਰੇ ਭੈਣ-ਭਰਾ ਬਾਹਰ ਹਨ। ਫੋਨ ਸਾਰੇ ਹੀ ਕਰ ਲੈਂਦੇ ਨੇ, ਪਰ ਪੁੱਤ, ਮੈਂ ਉਨ੍ਹਾਂ ਨੂੰ ਆਪਣਾ ਦੁੱਖ ਕਦੇ ਨਹੀਂ ਦੱਸਦੀ। ਦੱਸ ਕੇ ਵੀ ਕੀ ਕਰਾਂਗੀ! ਕਿਹੜਾ ਹੁਣ ਉਨ੍ਹਾਂ ਮੁੜ ਆਉਣੈ? ਬੜੇ ਰੋਗਾਂ ਨੇ ਦੇਹੀ ਨੂੰ ਘੇਰ ਲਿਆ ਹੈ ਪੁੱਤ, ਸ਼ੂਗਰ ਕੰਟਰੋਲ ਨਹੀਂ ਹੁੰਦੀ, ਬੀਪੀ. ਵਧ ਜਾਂਦੈ, ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ। ਹੁਣ ਰੱਬ ਨੂੰ ਬਥੇਰੇ ਤਰਲੇ ਕਰਦੀ ਹਾਂ ਕਿ ਉਹ ਮੈਨੂੰ ਆਪਣੇ ਕੋਲ ਈ ਸੱਦ ਲਵੇ, ਪਰ ਧੀਏ ਇਹ ਵੀ ਪਰਮਾਤਮਾ ਦੀ ਮਰਜ਼ੀ ਹੈ ਕਿ ਉਹਨੇ ਕਿਸ ਨੂੰ ਕਦੋਂ ਆਪਣੇ ਕੋਲ ਸੱਦਣਾ ਹੈ?’’
ਅਸੀਂ ਅੱਧੀ ਰਾਤ ਤੱਕ ਗੱਲਾਂ ਕਰਦੇ ਰਹੇ। ਗੱਲਾਂ ਗੱਲਾਂ ਵਿੱਚ ਮੈਂ ਪੁੱਛਿਆ, ‘‘ਮਾਂ, ਤੂੰ ਆਪਣੇ ਬੱਚਿਆਂ ਕੋਲ ਕਿਉਂ ਨਹੀਂ ਚਲੀ ਜਾਂਦੀ!’’ ‘‘ਨਾ ਪੁੱਤ ਨਾ, ਜਾਣਾ ਵੀ ਨਹੀਂ, ਕਈ ਵਾਰ ਜਾ ਆਈ ਹਾਂ, ਮੈਨੂੰ ਸਕੂਨ ਨਹੀਂ ਮਿਲਦਾ ਉੱਥੇ। ਉੱਥੋਂ ਨਾਲੋਂ ਤਾਂ ਮੈਂ ਇੱਥੇ ’ਕੱਲੀ ਹੀ ਠੀਕ ਹਾਂ। ਸਾਡੇ ਰਿਸ਼ਤੇਦਾਰੀ ’ਚੋਂ ਮੇਰਾ ਕੁੜਮ ਆਪਣੇ ਬੱਚਿਆਂ ਕੋਲ ਬਾਹਰ ਚਲਾ ਗਿਆ, ਦੋ ਸਾਲ ਬਾਅਦ ਹੀ ਵਾਪਸ ਆ ਗਿਆ। ਕਹਿੰਦਾ, ਉੱਥੇ ਤਾਂ ਬੋਲਦਾ ਹੀ ਕੋਈ ਨਹੀਂ। ਬੱਚਿਆਂ ਨੇ ਬੜਾ ਜ਼ੋਰ ਲਾਇਆ ਬਈ ਉਹ ਰੁਕ ਜਾਵੇ ਪਰ ਉਹ ਮੁੜ ਆਇਆ। ਆ ਕੇ ਮੈਨੂੰ ਕਹਿੰਦਾ ਕਿ ਜੇ ਮੈਂ ਉੱਥੇ ਮਰ ਜਾਂਦਾ ਤਾਂ ਮੇਰੀ ਆਤਮਾ ਇੱਥੇ ਪੰਜਾਬ ’ਚ ਹੀ ਘੁੰਮਦੀ ਰਹਿਣੀ ਸੀ। ਮੈਨੂੰ ਬਿਲਕੁਲ ਸਚਾਈ ਲੱਗੀ ਇਨ੍ਹਾਂ ਗੱਲਾਂ ਚ। ਮਨੁੱਖ ਆਪਣੀ ਧਰਤੀ ਨਾਲ ਭਾਵੁਕ ਤੌਰ ’ਤੇ ਕਿਵੇਂ ਜੁੜ ਜਾਂਦਾ ਹੈ। ਬਜ਼ੁਰਗਾਂ ਦੀ ਇਸ ਭਾਵਨਾ ਨੂੰ ਸ਼ਾਇਦ ਇਸ ਪੈਸਾ ਪ੍ਰਧਾਨ ਸਮਾਜ ’ਚ ਸਮਝਣਾ ਬਹੁਤ ਔਖਾ ਹੈ। ਸਰੀਰ ਮਨ ਦੇ ਰੋਗਾਂ ਦੇ ਬਾਵਜੂਦ ਮਨੁੱਖ ਕਿਵੇਂ ਆਪਣੀ ਧਰਤੀ ਆਪਣੇ ਵਿਰਸੇ ਨੂੰ ਪਹਿਲ ਦਿੰਦਾ ਹੈ, ਜਿਵੇਂ ਇਹ ਚੀਜ਼ਾਂ ਉਸ ਦੇ ਖ਼ੂਨ ਵਿੱਚ ਹੀ ਰਲ ਗਈਆਂ ਹੋਣ। ਅੱਧੀ ਰਾਤ ਹੋਣ ’ਤੇ ਆਈ। ਮੈਂ ਕਿਹਾ, ‘‘ਮਾਂ ਸੌਂ ਜਾਈਏ ਹੁਣ?’’ ‘‘ਤੂੰ ਸੌਂ ਪੁੱਤ , ਸਵੇਰੇ ਜਾਣਾ ਹੋਣਾ, ਮੈਂ ਤਾਂ ਰਾਤਾਂ ਬੈਠਿਆਂ ਹੀ ਕੱਟਦੀ ਹਾਂ। ਨੀਂਦ ਤਾਂ ਮੇਰੇ ਨੇੜੇ ਨਹੀਂ ਲੱਗਦੀ ਜਿਵੇਂ ਮੇਰੀ ਸੌਂਕਣ ਹੋਵੇ।’’ ਕਿੰਨਾ ਚਿਰ ਬਿਸਤਰੇ ’ਤੇ ਪਈ ਮੈਂ ਇਸ ਬਿਰਧ ਔਰਤ ਬਾਰੇ ਸੋਚਦੀ ਰਹੀ। ਇਸ ਨੇ ਆਪਣੇ ਬੱਚਿਆਂ ਪਿੱਛੇ ਕਿੰਨੀਆਂ ਸੱਧਰਾਂ ਨੂੰ ਮਾਰਿਆ ਹੋਵੇਗਾ। ਆਪਣੇ ਬੱਚਿਆਂ ਦੇ ਸੌਖੇ ਜੀਵਨ ਲਈ ਆਪਣੇ ਆਪ ਨੂੰ ਕੰਡਿਆਂ ਦੀ ਸੇਜ ’ਤੇ ਬਿਠਾ ਲੈਣਾ ਕਿੰਨਾ ਔਖਾ ਹੁੰਦਾ ਹੈ। ਪੰਜਾਬੀ ਦੁਨੀਆ ਦੇ ਹਰ ਕੋਨੇ ਵਿੱਚ ਮੌਜੂਦ ਹਨ ਪਰ ਪੰਜਾਬ ਦੇ ਆਪਣੇ ਕੋਨਿਆਂ ਵਿੱਚ ਕਈ ਸੱਧਰਾਂ, ਖ਼ੁਸ਼ੀਆਂ ਤੇ ਵਲਵਲਿਆਂ ਦੇ ਦਮ ਘੁੱਟ ਰਹੇ ਹਨ। ਇਹ ਕੈਸੀ ਰੁੱਤ ਆ ਗਈ ਹੈ ਜਿਸ ਵਿੱਚ ਨਾ ਕੋਈ ਨਿੱਘ ਹੈ ਤੇ ਨਾ ਕੋਈ ਰਸ, ਬਸ ਸੇਕ ਹੀ ਸੇਕ ਹੈ।
ਸੰਪਰਕ: 94644-45124