ਮੇਂਧੜ/ਜੰਮੂ, 22 ਸਤੰਬਰ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਮੇਂਧੜ ਸੈਕਟਰ ’ਚ ਕੰਟਰੋਲ ਰੇਖਾ ਨੇੜੇ ਇੱਕ ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਬੀਐੱਸਐੱਫ ਨੇ ਇੱਕ ਹੋਰ ਥਾਂ ਕੌਮਾਂਤਰੀ ਸਰਹੱਦ ’ਤੇ ਇੱਕ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰਦਿਆਂ ਭਾਰੀ ਮਾਤਰਾ ’ਚ ਹਥਿਆਰ ਬਰਾਮਦ ਕੀਤੇ ਹਨ। ਸੁਰੱਖਿਆ ਬਲਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੰਟਰੋਲ ਰੇਖਾ ’ਤੇ ਤਾਇਨਾਤ ਜਵਾਨਾਂ ਨੇ ਅੱਜ ਮੇਂਧੜ ਸਬ ਡਿਵੀਜ਼ਨ ਦੇ ਕ੍ਰਿਸ਼ਨਾ ਘਾਟੀ ਸੈਕਟਰ ’ਚ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਜਿਸ ਦੀ ਉਮਰ 35 ਸਾਲ ਹੈ। ਮੁਲਜ਼ਮ ਦੀ ਪਛਾਣ ਮਕਬੂਜ਼ਾ ਕਮਸ਼ੀਰ ਦੇ ਤਾਰੀਨੋਟ ਪਿੰਡ ਦੇ ਵਸਨੀਕ ਹਸਮ ਸ਼ਹਿਜ਼ਾਦ ਵਜੋਂ ਹੋਈ ਹੈ। ਇਸੇ ਤਰ੍ਹਾਂ ਬੀਐੱਸਐੱਫ ਦੇ ਜਵਾਨਾਂ ਨੇ ਸ਼ਨਿਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਆਰਐੱਸ ਪੁਰਾ ਸਰਹੱਦੀ ਖੇਤਰ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਉਸ ਥਾਂ ਦੀ ਤਲਾਸ਼ੀ ਲਈ ਗਈ ਤਾਂ ਮੌਕੇ ਤੋਂ ਏਕੇ 47 ਅਸਾਲਟ ਰਾਈਫਲ, ਦੋ ਪਿਸਤੌਲਾਂ, ਕੁਝ ਮੈਗਜ਼ੀਨ ਤੇ ਕਾਰਤੂਸ ਬਰਾਮਦ ਹੋਏ ਹਨ। -ਪੀਟੀਆਈ
ਕਿਸ਼ਤਵਾੜ: ਤਲਾਸ਼ੀ ਮੁਹਿੰਮ ਦੌਰਾਨ ਅਤਿਵਾਦੀਆਂ ਨਾਲ ਮੁਕਾਬਲਾ
ਜੰਮੂ: ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਅੱਜ ਸ਼ਾਮ ਸੁਰੱਖਿਆਂ ਬਲਾਂ ਦੀ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਅਤਿਵਾਦੀਆਂ ਨਾਲ ਮੁਕਾਬਲਾ ਹੋ ਗਿਆ। ਪੁਲੀਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਚਤਰੂ ਖੇਤਰ ਦੇ ਗੁਰਿਨਾਲ ਪਿੰਡ ਦੇ ਓਪਰੀ ਇਲਾਕੇ ਵਿੱਚ ਦੰਨਾ ਧਾਰ ਜੰਗਲੀ ਖੇਤਰ ਨੇੜੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਦੇ ਆਹਮੋ-ਸਾਹਮਣੇ ਹੋਣ ਕਾਰਨ ਦੋਵਾਂ ਦਰਮਿਆਨ ਗੋਲੀਬਾਰੀ ਹੋਈ। ਪੁਲੀਸ ਦੇ ਬੁਲਾਰੇ ਮੁਤਾਬਕ ਸ਼ਨਿੱਚਰਵਾਰ ਸ਼ਾਮ ਨੂੰ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਮਗਰੋਂ ਸੁਰੱਖਿਆ ਬਲ ਚਤਰੂ ਜੰਗਲੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਲਈ ਪੁੱਜੇ ਸਨ। ਇਸ ਦੌਰਾਨ ਅਤਿਵਾਦੀਆਂ ਨਾਲ ਮੁਕਾਬਲਾ ਹੋ ਗਿਆ। ਇਸ ਦੌਰਾਨ ਰਿਆਸੀ ਜ਼ਿਲ੍ਹੇ ਦੇ ਚੱਸਾਨਾ ਇਲਾਕੇ ਵਿੱਚ ਲਗਾਤਾਰ ਤੀਸਰੇ ਦਿਨ ਵੀ ਤਲਾਸ਼ੀ ਮੁਹਿੰਮ ਜਾਰੀ ਹੈ। -ਪੀਟੀਆਈ