ਸ੍ਰੀਨਗਰ, 22 ਸਤੰਬਰ
ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨਾਲ ਗੱਠਜੋੜ ਕੀਤਾ ਹੈ ਤਾਂ ਕਿ ਲੋਕਾਂ ਨੂੰ ਚੋਣ ਕਰਨ ਦਾ ਮੌਕਾ ਦਿੱਤਾ ਜਾ ਸਕੇ ਅਤੇ ਡਾਵਾਂ-ਡੋਲ ਵਿਧਾਨ ਸਭਾ ਦੀ ਸਥਿਤੀ ਤੋਂ ਬਚਿਆ ਜਾ ਸਕੇ।
ਗੱਠਜੋੜ ਵਿੱਚ ਸੀਟਾਂ ਦੀ ਵੰਡ ਦੇ ਸਮਝੌਤੇ ਅਨੁਸਾਰ ਨੈਸ਼ਨਲ ਕਾਨਫਰੰਸ 51 ਅਤੇ ਕਾਂਗਰਸ 32 ਸੀਟਾਂ ’ਤੇ ਚੋਣ ਲੜ ਰਹੀ ਹੈ, ਜਦਕਿ ਇੱਕ ਸੀਟ ਮਾਰਕਸਵਾਦੀ ਕਮਿਊਨਿਸਟ ਪਾਰਟੀ ਨੂੰ ਦਿੱਤੀ ਗਈ ਹੈ। ਬਾਕੀ ਛੇ ਸੀਟਾਂ ’ਤੇ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦਰਮਿਆਨ ‘ਦੋਸਤਾਨਾ ਮੁਕਾਬਲਾ’ ਹੋ ਰਿਹਾ ਹੈ। ਜਦੀਬਲ ਸੀਟ ਤੋਂ ਪਾਰਟੀ ਉਮੀਦਵਾਰ ਤਨਵੀਰ ਸਾਦਿਕ ਦੇ ਸਮਰਥਨ ’ਚ ਡਲ ਝੀਲ ’ਚ ਸ਼ਿਕਾਰਾ ਰੈਲੀ ਨੂੰ ਸੰਬੋਧਨ ਕਰਦਿਆਂ ਉਮਰ ਨੇ ਕਿਹਾ, ‘‘ਅਸੀਂ ਚੋਣਾਂ ਮਗਰੋਂ ਗੱਠਜੋੜ ਕਰ ਸਕਦੇ ਸੀ ਪਰ ਗੱਠਜੋੜ (ਚੋਣਾਂ ਤੋਂ ਪਹਿਲਾਂ) ਲੋਕਾਂ ਨੂੰ ਚੁਣਨ ਦਾ ਮੌਕਾ ਦੇਣ ਲਈ ਬਣਾਇਆ ਹੈ ਤਾਂ ਕਿ ਲਟਕਵੀਂ ਵਿਧਾਨ ਸਭਾ ਨਾ ਹੋਵੇ ਅਤੇ ਇਸ ’ਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਸਰਕਾਰ ਨਹੀਂ ਬਣੇਗੀ।’’
ਉਨ੍ਹਾਂ ਕਿਹਾ, ‘‘ਭਾਜਪਾ ਲਟਕਵੀਂ ਵਿਧਾਨ ਸਭਾ ਚਾਹੇਗੀ ਤਾਂ ਕਿ ਉਸ ਨੂੰ (ਉਪ ਰਾਜਪਾਲ) ਸ਼ਾਸਨ ਨੂੰ ਲੰਬਾ ਖਿੱਚਣ ਦਾ ਬਹਾਨਾ ਮਿਲ ਜਾਵੇ ਪਰ ਲੋਕ ਅਜਿਹਾ ਨਹੀਂ ਹੋਣ ਦੇਣਗੇ।’’ -ਪੀਟੀਆਈ