ਦਵਿੰਦਰ ਸਿੰਘ
ਯਮੁਨਾਨਗਰ, 22 ਸਤੰਬਰ
ਇੱਥੇ ਅਗਰਸੈਨ ਕਾਲਜ ਜਗਾਧਰੀ ਵਿੱਚ ਭਾਜਪਾ ਉਮੀਦਵਾਰ ਕੰਵਰਪਾਲ ਗੁੱਜਰ ਦੇ ਹੱਕ ਵਿੱਚ ਕਰਵਾਏ ਗਏ ਸੰਮੇਲਨ ਵਿੱਚ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਸੰਬੋਧਨ ਕੀਤਾ। ਸ੍ਰੀ ਖੱਟਰ ਨੇ ਦਾਅਵਾ ਕੀਤਾ ਕਿ ਹਰਿਆਣਾ ਵਿੱਚ ਲਗਾਤਾਰ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਕਾਂਗਰਸ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਦਿੱਲੀ ਤੋਂ ਜਾਰੀ ਹੋਇਆ ਅਤੇ ਕਾਂਗਰਸ ਦਾ ਰਿਮੋਟ ਵੀ ਦਿੱਲੀ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਮਨਮੋਹਨ ਸਿੰਘ ਨੇ ਇਸੇ ਰਿਮੋਟ ਨਾਲ ਆਪਣੀ ਸਰਕਾਰ ਚਲਾਈ ਸੀ। ਭਾਜਪਾ ਦੇ ਸਟਾਰ ਪ੍ਰਚਾਰਕ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦਾ ਇਤਿਹਾਸ ਰਿਹਾ ਹੈ ਕਿ ਕੇਂਦਰ ਵਿੱਚ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ, ਸੂਬੇ ਵਿੱਚ ਵੀ ਉਸੇ ਪਾਰਟੀ ਦੀ ਸਰਕਾਰ ਹੁੰਦੀ ਹੈ। ਇਸ ਕਰਕੇ ਹੁਣ ਇੱਥੇ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਿਛਲੇ 10 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੋਣ ਕਾਰਨ ਕਾਂਗਰਸ ਵਿੱਚ ਨਿਰਾਸ਼ਾ ਹੈ। ਕਾਂਗਰਸ ਆਗੂ ਕੁਮਾਰੀ ਸ਼ੈਲਜਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਸਵਾਲ ’ਤੇ ਸ੍ਰੀ ਖੱਟਰ ਨੇ ਕਿਹਾ ਕਿ ਇਹ ਰਣਨੀਤੀ ਹੈ ਅਤੇ ਰਣਨੀਤੀ ਦਾ ਖੁਲਾਸਾ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਨਿਰਾਸ਼ਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਵੀ ਨਹੀਂ ਕਰ ਰਹੀ।