ਜਗਤਾਰ ਸਮਾਲਸਰ
ਏਲਨਾਬਾਦ, 22 ਸਤੰਬਰ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਰਾਣੀਆਂ ਹਲਕੇ ਦੇ ਪਿੰਡ ਖਾਰੀਆਂ ਵਿੱਚ ਕਾਂਗਰਸ ਉਮੀਦਵਾਰ ਸਰਵ ਮਿੱਤਰ ਕੰਬੋਜ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਸ੍ਰੀ ਹੁੱਡਾ ਨੇ ਕਿਹਾ ਕਿ ਇਸ ਵਾਰ ਹਰਿਆਣਾ ਦੀਆਂ 36 ਬਿਰਾਦਰੀਆਂ ਨੇ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ।
ਪੂਰੇ ਹਰਿਆਣਾ ਵਿੱਚ ਕਾਂਗਰਸ ਉਮੀਦਵਾਰਾਂ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਦੇ ਰਾਜ ਸਮੇਂ ਹਰਿਆਣਾ ਵਿਕਾਸ ਪੱਖੋਂ ਪਹਿਲੇ ਨੰਬਰ ’ਤੇ ਸੀ ਪਰ ਅੱਜ ਭਾਜਪਾ ਦੇ ਰਾਜ ਵਿੱਚ ਹਰਿਆਣਾ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਨਸ਼ੇ ਅਤੇ ਬੇਰੁਜ਼ਗਾਰੀ ਵਿੱਚ ਪਹਿਲੇ ਨੰਬਰ ’ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਲੁਟੇਰਿਆਂ ਵੱਲੋਂ ਵਪਾਰੀਆਂ, ਉਦਯੋਗਪਤੀਆਂ ਤੋਂ ਸ਼ਰੇਆਮ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ।
ਉਨ੍ਹਾਂ ਲੁਟੇਰਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ 8 ਅਕਤੂਬਰ ਤੋਂ ਪਹਿਲਾਂ-ਪਹਿਲਾਂ ਅਜਿਹਾ ਧੰਦਾ ਛੱਡ ਦੇਣ ਜਾਂ ਫਿਰ ਹਰਿਆਣਾ ਛੱਡ ਕੇ ਚਲੇ ਜਾਣ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਸਰਕਾਰ ਬਣਨ ਮਗਰੋਂ ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ ਅਤੇ 25 ਲੱਖ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ, ਇਸ ਤੋਂ ਇਲਾਵਾ ਬੁਢਾਪਾ, ਦਿਵਿਆਂਗ ਅਤੇ ਵਿਧਵਾ ਪੈਨਸ਼ਨ ਛੇ ਹਜ਼ਾਰ ਰੁਪਏ ਦਿੱਤੀ ਜਾਵੇਗੀ, ਨੌਜਵਾਨਾਂ ਨੂੰ 2 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਹਰਿਆਣਾ ਵਿੱਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾਣਗੇ। ਇਸ ਦੌਰਾਨ ਉਨ੍ਹਾਂ ਏਲਨਾਬਾਦ ਤੋਂ ਕਾਂਗਰਸ ਉਮੀਦਵਾਰ ਭਰਤ ਸਿੰਘ ਬੈਨੀਵਾਲ ਦੇ ਹੱਕ ਵਿੱਚ ਪਿੰਡ ਮੱਲੇਕਾ ਤੋਂ ਲੈ ਕੇ ਮਾਧੋ ਸਿੰਘਾਨਾ ਤੱਕ ਰੋਡ ਸ਼ੋਅ ਵੀ ਕੀਤਾ। ਇਸ ਮੌਕੇ ਸਾਬਕਾ ਓਐੱਸਡੀ ਡਾ. ਕੇਵੀ ਸਿੰਘ ਮੌਜੂਦ ਸਨ।
ਭੁਪਿੰਦਰ ਹੁੱਡਾ ਵੱਲੋਂ ਉਮੀਦਵਾਰਾਂ ਦੇ ਹੱਕਵਿੱਚ ਰੋਡ ਸ਼ੋਅ
ਸਿਰਸਾ/ਡੱਬਵਾਲੀ (ਪ੍ਰਭ ਦਿਆਲ/ਇਕਬਾਲ ਸਿੰਘ ਸ਼ਾਂਤ): ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਰਾਣੀਆਂ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸਰਵ ਮਿੱਤਰ ਕੰਬੋਜ ਅਤੇ ਸਿਰਸਾ ਹਲਕੇ ਤੋਂ ਗੋਕੁਲ ਸੇਤੀਆ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਇਸ ਮੌਕੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਜਿਥੇ ਭਾਜਪਾ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਉਥੇ ਹੀ ਉਨ੍ਹਾਂ ਨੇ ਇਨੈਲੋ, ਜਜਪਾ, ਹਲੋਪਾ ਦੀ ਵੀ ਆਲੋਚਨਾ ਕੀਤੀ। ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਚੌਟਾਲਾ ਖਾਨਦਾਨ ਦੀ ਹੌਟ ਸੀਟ ਡੱਬਵਾਲੀ ਦੇ ਪੇਂਡੂ ਖੇਤਰ ਵਿੱਚ ਅੱਜ ਰੋਡ ਸ਼ੋਅ ਅਤੇ ਰੈਲੀ ਕਰਕੇ ਕਾਂਗਰਸ ਉਮੀਦਵਾਰ ਅਮਿਤ ਸਿਹਾਗ ਦੀ ਚੋਣ ਮੁਹਿੰਮ ਨੂੰ ਭਖਾ ਦਿੱੱਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਨੇ ਚੌਟਾਲਾ ਪਰਿਵਾਰ ’ਤੇ ਤਿੱਖੇ ਰਾਜਨੀਤਕ ਤਨਜ਼ ਕਸੇ। ਸ੍ਰੀ ਹੁੱਡਾ ਨੇ ਪਿੰਡ ਚੌਟਾਲਾ, ਅਬੁੱਬਸ਼ਹਿਰ, ਗੰਗਾ, ਕਾਲੂਆਣਾ, ਗੋਦਿਕਾਂ, ਅਹਿਮਦਪੁਰ ਦਾਰੇਵਾਲਾ, ਬਨਵਾਲਾ, ਰਿਸਲਿਆਖੇੜਾ, ਬਿੱਜੂਵਾਲੀ ਵਿਖੇ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਡਾ. ਕੇਵੀ ਸਿੰਘ ਨੇ ਵੀ ਸੰਬੋਧਨ ਕੀਤਾ।