ਪਾਲ ਸਿੰਘ ਨੌਲੀ
ਜਲੰਧਰ, 22 ਸਤੰਬਰ
ਇੱਥੋਂ ਦੀ ਬਰਫ਼ ਫੈਕਟਰੀ ਵਿੱਚ ਅਮੋਨੀਆ ਗੈਸ ਲੀਕ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਮਗਰੋਂ ਪੁਲੀਸ ਨੇ ਦੇਰ ਰਾਤ ਐੱਫਆਈਆਰ ਵਿੱਚ ਫੈਕਟਰੀ ਮਾਲਕ ਨਿਨੀ ਕੁਮਾਰ ਜੈਨ ਵਾਸੀ ਜਲੰਧਰ ਛਾਉਣੀ ਸਣੇ ਨਗਰ ਨਿਗਮ, ਪੰਜਾਬ ਉਦਯੋਗ ਵਿਭਾਗ , ਪਾਵਰਕੌਮ (ਬਿਜਲੀ) ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਹੈ। ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ ਤਿੰਨ ਵਿੱਚ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਮਾਮਲੇ ਵਿੱਚ ਫਿਲਹਾਲ ਕਿਸੇ ਅਧਿਕਾਰੀ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ ਹੈ। ਜਾਂਚ ਤੋਂ ਬਾਅਦ ਉਨ੍ਹਾਂ ਅਧਿਕਾਰੀਆਂ ਦੇ ਨਾਂ ਸ਼ਾਮਲ ਕੀਤੇ ਜਾਣਗੇ, ਜਿਨ੍ਹਾਂ ਨੇ ਆਪਣੀ ਡਿਊਟੀ ਵਿੱਚ ਲਾਪ੍ਰਵਾਹੀ ਵਰਤੀ ਹੋਵੇਗੀ। ਇਸ ਘਟਨਾ ਵਿੱਚ ਸ਼ੀਤਲ ਸਿੰਘ ਵਾਸੀ ਉਪਕਾਰ ਨਗਰ ਮੁਹੱਲਾ (ਕਿਸ਼ਨਪੁਰਾ) ਦੀ ਮੌਤ ਹੋ ਗਈ ਸੀ ਅਤੇ ਇੱਕ ਔਰਤ ਸਣੇ ਤਿੰਨ ਵਿਅਕਤੀ ਬੇਹੋਸ਼ ਹੋ ਗਏ ਸਨ। ਮ੍ਰਿਤਕ ਨੇ 3 ਮਹੀਨੇ ਪਹਿਲਾਂ ਹੀ ਫੈਕਟਰੀ ਵਿੱਚ ਕੰਮ ਸ਼ੁਰੂ ਕੀਤਾ ਸੀ।
ਡਿਪਟੀ ਕਮਿਸ਼ਨਰ ਵੱਲੋਂ ਘਟਨਾ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ
ਡੀਸੀ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਸਬ ਡਿਵੀਜ਼ਨਲ ਮੈਜਿਸਟ੍ਰੇਟ ਜਲੰਧਰ-1 ਨੂੰ ਇਸ ਘਟਨਾ ਦੇ ਕਾਰਨਾਂ ਅਤੇ ਜ਼ਿੰਮੇਵਾਰ ਵਿਅਕਤੀਆਂ ਬਾਰੇ 15 ਦਿਨਾਂ ਵਿੱਚ ਵਿਸਥਾਰਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਫੈਕਟਰੀ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਨੂੰ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਅਜਿਹੀਆਂ ਇਕਾਈਆਂ ਦਾ ਨਿਰੀਖਣ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।