ਗੁਰਨਾਮ ਸਿੰਘ ਅਕੀਦਾ
ਪਟਿਆਲਾ, 22 ਸਤੰਬਰ
ਇੱਥੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਵਾਈਸ ਚਾਂਸਲਰ ਡਾ. ਜੈ ਸ਼ੰਕਰ ਸਿੰਘ ’ਤੇ ਦੋਸ਼ ਹੈ ਕਿ ਉਹ ਰਾਤ ਵੇਲੇ ਯੂਨੀਵਰਸਿਟੀ ਦੀਆਂ ਕੁੜੀਆਂ ਦੇ ਹੋਸਟਲ ਵਿਚ ਵੜ ਗਏ। ਉਨ੍ਹਾਂ ਨੇ ਕੁੜੀਆਂ ਦੇ ਕਮਰੇ ਚੈੱਕ ਕੀਤੇ। ਕੁੜੀਆਂ ਨੇ ਦੋਸ਼ ਲਗਾਏ ਕਿ ਇਹ ਉਨ੍ਹਾਂ ਦੀ ਨਿੱਜਤਾ ’ਤੇ ਹਮਲਾ ਹੈ। ਕੁੜੀਆਂ ਨੇ ਕਿਹਾ ਕਿ ਉਪ ਕੁਲਪਤੀ ਨੇ ਉਨ੍ਹਾਂ ਦੇ ਕੱਪੜਿਆਂ ’ਤੇ ਵੀ ਟਿੱਪਣੀਆਂ ਕੀਤੀਆਂ ਹਨ। ਇਸ ਕਰ ਕੇ ਕੁੜੀਆਂ ਉਪ ਕੁਲਪਤੀ ਕੋਲ ਅਣਸੁਰੱਖਿਅਤ ਮਹਿਸੂਸ ਕਰਨ ਲੱਗੀਆਂ। ਇਸ ਮਗਰੋਂ ਉਨ੍ਹਾਂ ਨੇ ਉਪ ਕੁਲਪਤੀ ਨੂੰ ਯੂਨੀਵਰਸਿਟੀ ਵਿੱਚੋਂ ਫ਼ਾਰਗ ਕਰਨ ਲਈ ਧਰਨਾ ਲਗਾਇਆ।
ਜਾਣਕਾਰੀ ਅਨੁਸਾਰ ਉਪ ਕੁਲਪਤੀ ’ਤੇ ਦੋਸ਼ ਲਗਾਉਂਦਿਆਂ ਲਾਅ ਯੂਨੀਵਰਸਿਟੀ ਦੀਆਂ ਕੁੜੀਆਂ ਤੇ ਮੁੰਡਿਆਂ ਨੇ ਉਪ ਕੁਲਪਤੀ ਦੀ ਕੋਠੀ ਖ਼ਬਰ ਲਿਖੇ ਜਾਣ ਤੱਕ ਵੀ ਘੇਰੀ ਹੋਈ ਸੀ। ਕੁੜੀਆਂ ਦੀ ਮੰਗ ਸੀ ਕਿ ਉਪ ਕੁਲਪਤੀ ਨੂੰ ਲਾਅ ਯੂਨੀਵਰਸਿਟੀ ਵਿੱਚੋਂ ਚੱਲਦਾ ਕੀਤਾ ਜਾਵੇ, ਉਨ੍ਹਾਂ ਦੀ ਇਹ ਵੀ ਮੰਗ ਸੀ ਕਿ ਉਹ ਵਾਈਸ ਚਾਂਸਲਰ ਤੇ ਅਥਾਰਿਟੀ ਨਾਲ ਇਕ-ਇਕ ਕਰ ਕੇ ਗੱਲ ਨਹੀਂ ਕਰਨਗੇ ਸਗੋਂ ਉਹ ਸੈਮੀਨਾਰ ਹਾਲ ਵਿਚ ਸਮੂਹਿਕ ਤੌਰ ’ਤੇ ਗੱਲ ਕਰਨਗੇ ਤਾਂ ਕਿ ਪੂਰੀ ਗੱਲ ਸਪਸ਼ਟ ਹੋ ਜਾਵੇ। ਜ਼ਿਕਰਯੋਗ ਹੈ ਕਿ ਕੌਮੀ ਪੱਧਰ ਦੀ ਇਸ ਯੂਨੀਵਰਸਿਟੀ ਵਿੱਚ ਭਾਰਤ ਭਰ ਵਿੱਚੋਂ ਵੱਖ-ਵੱਖ ਸੂਬਿਆਂ ਦੇ ਬੱਚੇ ਵਕਾਲਤ ਦੀ ਪੜ੍ਹਾਈ ਕਰਨ ਲਈ ਆਉਂਦੇ ਹਨ।
ਕੁੜੀਆਂ ਵੱਲੋਂ ਲਾਏ ਦੋਸ਼ ਬੇਬੁਨਿਆਦ ਹਨ: ਉਪ ਕੁਲਪਤੀ
ਉਪ ਕੁਲਪਤੀ ਡਾ. ਜੈ ਸ਼ੰਕਰ ਸਿੰਘ ਨੇ ਕਿਹਾ ਕਿ ਜੋ ਦੋਸ਼ ਕੁੜੀਆਂ ਲਗਾ ਰਹੀਆਂ ਹਨ, ਉਹ ਬਿਲਕੁਲ ਹੀ ਝੂਠੇ ਅਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੁੜੀਆਂ ਦੀਆਂ ਸ਼ਿਕਾਇਤਾਂ ਆਈਆਂ ਸਨ ਕਿ ਉਨ੍ਹਾਂ ਦੇ ਹੋਸਟਲਾਂ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਸੀ ਕਿ ਕਮਰੇ ਛੋਟੇ ਹਨ, ਇਸ ਲਈ ਉਹ ਉਨ੍ਹਾਂ ਦੇ ਕਮਰੇ ਆ ਕੇ ਚੈੱਕ ਕਰਨ। ਇਸ ਮਗਰੋਂ ਉਹ ਆਪਣੇ ਨਾਲ ਵਾਰਡਨ ਤੇ ਸੁਰੱਖਿਆ ਗਾਰਦ ਲੈ ਕੇ ਹੋਸਟਲ ਵਿਚ ਗਏ ਸਨ। ਇਸ ਬਾਰੇ ਉਨ੍ਹਾਂ ਦੀ ਮਨਸ਼ਾ ਕੁੜੀਆਂ ਦੀਆਂ ਮੁਸ਼ਕਲਾਂ ਚੈੱਕ ਕਰਨ ਦੀ ਸੀ, ਨਾ ਕਿ ਕਿਸੇ ਬਾਰੇ ਕੋਈ ਮਾੜੀ ਭਾਵਨਾ ਦੀ। ਉਨ੍ਹਾਂ ਕਿਹਾ ਕਿ ਮੌਕੇ ’ਤੇ ਉਨ੍ਹਾਂ ਨੂੰ ਕੁੜੀਆਂ ਕੋਲੋਂ ਸ਼ਰਾਬ ਵਗੈਰਾ ਪੀਣ ਬਾਰੇ ਵੀ ਜਾਣਕਾਰੀ ਮਿਲੀ ਸੀ ਜਿਸ ਬਾਰੇ ਉਨ੍ਹਾਂ ਨੇ ਕੁੜੀਆਂ ਨੂੰ ਝਿੜਕਿਆ ਸੀ।