ਪੱਤਰ ਪ੍ਰੇਰਕ
ਸ਼ਹਿਣਾ, 22 ਸਤੰਬਰ
ਬੀਡੀਪੀਓ ਦਫ਼ਤਰ ਸ਼ਹਿਣਾ ਵਿੱਚ ਕੰਮ ਕਰਦੇ ਮੁਲਾਜ਼ਮਾਂ ਅਤੇ ਬੀਡੀਪੀਓ ਦਰਮਿਆਨ ਚੱਲ ਰਹੀ ਖਿੱਚੋਤਾਣ ਦਾ ਮਾਮਲਾ ਜਿੱਥੇ ਥਾਣੇ ਅਤੇ ਉੱਚ ਅਧਿਕਾਰੀਆਂ ਕੋਲ ਪੁੱਜ ਗਿਆ ਹੈ, ਉਥੇ ਹੀ ਮੁਲਾਜ਼ਮਾਂ ਨੇ 23 ਸਤੰਬਰ ਤੱਕ ਮਸਲਾ ਹੱਲ ਨਾ ਕਰਨ ’ਤੇ ਸੰਘਰਸ਼ ਨੂੰ ਜ਼ਿਲ੍ਹਾ ਪੱਧਰ ’ਤੇ ਲਿਜਾਣ ਦਾ ਫ਼ੈਸਲਾ ਕੀਤਾ ਹੈ। ਦਫ਼ਤਰ ਦੇ ਮੁਲਾਜ਼ਮ ਰਿਸ਼ਵ ਸ਼ਰਮਾ ਨੇ ਦੋਸ਼ ਲਾਇਆ ਕਿ ਲਗਪਗ ਇੱਕ ਮਹੀਨਾ ਪਹਿਲਾਂ ਬਦਲ ਕੇ ਆਏ ਬੀਡੀਪੀਓ ਸਤਿੰਦਰਪਾਲ ਸਿੰਘ ਕਿਸੇ ਵੀ ਬਿੱਲ ’ਤੇ ਦਸਤਖ਼ਤ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਉਹ ਜਦੋਂ ਕੁਝ ਬਿੱਲਾਂ ਦੀ ਅਦਾਇਗੀ ਲਈ ਬੀਡੀਪੀਓ ਕੋਲ ਗਿਆ ਤਾਂ ਉਨ੍ਹਾਂ ਬਿੱਲਾਂ ’ਤੇ ਦਸਤਖ਼ਤ ਕਰਨ ਤੋਂ ਜਵਾਬ ਦੇ ਦਿੱਤਾ। ਉਸ ਨੇ ਇਸ ਬਾਰੇ ਉਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੈ। ਦੂਸਰੇ ਪਾਸੇ ਬੀਡੀਪੀਓ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਰਿਸ਼ਵ ਸ਼ਰਮਾ ਬੀਡੀਪੀਓ ਦਫ਼ਤਰ ਸ਼ਹਿਣਾ ’ਚ ਕੱਚਾ ਮੁਲਾਜ਼ਮ ਹੈ। ਉਸ ਨੇ ਦਸਤਖਤ ਕੀਤੇ ਕਾਗਜ਼ ਪਾੜ੍ਹ ਦਿੱਤੇ ਹਨ ਤੇ ਜਿਨ੍ਹਾਂ ਬਿੱਲਾਂ ਦੀ ਅਦਾਇਗੀ ਕਰਾਉਣੀ ਸੀ, ਉਹ ਜੀਐੱਸਟੀ ਬਿੱਲ ਵੀ ਨਹੀਂ ਸਨ। ਬੀਡੀਪੀਓ ਨੇ ਦੱਸਿਆ ਕਿ ਸਾਰਾ ਮਾਮਲਾ ਦਰਖਾਸਤ ਦੇ ਕੇ ਪੁਲੀਸ ਦੇ ਧਿਆਨ ’ਚ ਲਿਆ ਦਿੱਤਾ ਹੈ।