ਪ੍ਰਭੂ ਦਿਆਲ
ਸਿਰਸਾ, 22 ਸਤੰਬਰ
ਭਾਜਪਾ ਦੇ ਸਿਰਸਾ ਹਲਕੇ ਤੋਂ ਉਮੀਦਵਾਰ ਰੋਹਤਾਸ਼ ਜਾਂਗੜਾ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਮਗਰੋਂ ਸਿਰਸਾ ਜ਼ਿਲ੍ਹੇ ਵਿੱਚ ਭਾਜਪਾ ਦੀ ਹਾਲਤ ਦਿਨੋਂ-ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ। ਰੋਜ਼ਾਨਾ ਕੋਈ ਨਾ ਕੋਈ ਆਗੂ ਪਾਰਟੀ ਛੱਡ ਰਿਹਾ ਹੈ। ਇਸੇ ਲੜੀ ’ਚ ਹੁਣ ਭਾਜਪਾ ਦੇ ਜ਼ਿਲ੍ਹਾ ਸਕੱਤਰ ਤੇ ਕਿਸਾਨ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਚਾਹਲ ਐਡਵੋਕੇਟ ਸਮੇਤ ਕਈ ਆਗੂਆਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੂੰ ਭੇਜੇ ਆਪਣੇ ਅਸਤੀਫ਼ੇ ’ਚ ਉਨ੍ਹਾਂ ਨੇ ਪਾਰਟੀ ਛੱਡਣ ਦਾ ਕਾਰਨ ਨਿੱਜੀ ਦੱਸਿਆ ਹੈ। ਐਡਵੋਕੇਟ ਚਾਹਲ ਨਾਲ ਬੜਾਗੁੜਾ ਮੰਡਲ ਦੇ ਜਨਰਲ ਸਕੱਤਰ ਅਤੇ ਸਾਬਕਾ ਵਾਈਸ ਚੇਅਰਮੈਨ ਸਰਦਾਰ ਬਲਕੌਰ ਸਿੰਘ ਚਹਿਲ, ਸਾਬਕਾ ਸਰਪੰਚ ਅਨੂਪ ਸਹਿਰਾਵਤ, ਖਜ਼ਾਨ ਚੰਦ ਨੰਬਰਦਾਰ, ਰਾਜਕਰਨ ਸਿੰਘ ਐਡਵੋਕੇਟ, ਭੁਪਿੰਦਰ ਸਿੰਘ ਦੋਦਰ, ਹਰਬੰਸ ਲਾਲ ਕੰਬੋਜ, ਮਹਿੰਦਰਪਾਲ ਕੰਬੋਜ, ਸੁਰਜੀਤ ਸਿੰਘ, ਜਗਤਾਰ ਸਿੰਘ ਬਰਾੜ ਤੇ ਜਗਸੀਰ ਸਿੰਘ ਨੇ ਵੀ ਪਾਰਟੀ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਦੀ ਰਾਜਨੀਤੀ ਵਿੱਚ ਕਿਸ ਪਾਰਟੀ ਵਿੱਚ ਸ਼ਾਮਲ ਹੋਣਗੇ ਇਸ ਬਾਰੇ ਫੈਸਲਾ ਵਰਕਰਾਂ ਨਾਲ ਮੀਟਿੰਗ ਕਰਕੇ ਲਿਆ ਜਾਵੇਗਾ। ਕੰਵਰਜੀਤ ਸਿੰਘ ਚਾਹਲ ਨੇ ਕਿਹਾ ਕਿ ਭਾਜਪਾ ਹੁਣ ਪਹਿਲਾਂ ਵਰਗੀ ਪਾਰਟੀ ਨਹੀਂ ਰਹੀ। ਉਨ੍ਹਾਂ ਪਾਰਟੀ ਸੰਗਠਨ ਵਿੱਚ ਰਹਿ ਕੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ। ਉਹ 2016 ਤੋਂ 2019 ਤੱਕ ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਹੇ ਹਨ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਰਾਣੀਆ ਸੀਟ ਤੋਂ ਭਾਜਪਾ ਦੀ ਟਿਕਟ ਲਈ ਵੀ ਅਪਲਾਈ ਕੀਤਾ ਸੀ ਪਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ।